Sanjeev-Arora

ਅੰਮ੍ਰਿਤਸਰ ‘ਚ ਲੱਗੇਗਾ 400 ਕਰੋੜ ਦਾ ‘ਟ੍ਰਾਈਡੈਂਟ ਹੋਟਲ’ ਪ੍ਰੋਜੈਕਟ : ਸੰਜੀਵ ਅਰੋੜਾ

ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਵਿਚਾਲੇ ਹੋਇਆ ਸਮਝੌਤਾ ; 150 ਕਮਰਿਆਂ ਵਾਲੇ ਇਸ ਪ੍ਰੋਜੈਕਟ ਨਾਲ 350 ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਚੰਡੀਗੜ੍ਹ, 29 ਮਾਰਚ : ਪੰਜਾਬ ਦੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨੇ ਅੰਮ੍ਰਿਤਸਰ ਵਿੱਚ ਇੱਕ ਵਿਸ਼ਵ ਪੱਧਰੀ ਹੋਟਲ ਪ੍ਰੋਜੈਕਟ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਿਜ਼ 3 ਕਿਲੋਮੀਟਰ ਦੀ ਦੂਰੀ ‘ਤੇ 3 ਏਕੜ ਵਿੱਚ ਵਿਕਸਤ ਕੀਤਾ ਜਾਵੇਗਾ।

ਇਸ ਸਮਝੌਤੇ ਦੌਰਾਨ ਓਬਰਾਏ ਗਰੁੱਪ ਦੇ ਪ੍ਰਧਾਨ (ਕਾਰਪੋਰੇਟ ਮਾਮਲੇ) ਆਰ. ਸ਼ੰਕਰ, ਸਪ੍ਰਿੰਗਐਜ ਸਲਿਊਸ਼ਨਜ਼ ਦੇ ਡਾਇਰੈਕਟਰ ਡਾ. ਸ਼ਾਹਬਾਜ਼ ਸਿੰਘ, ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ ਅਤੇ ਪੰਜਾਬ ਦੇ ਪ੍ਰਸ਼ਾਸਕੀ ਸਕੱਤਰ (ਉਦਯੋਗ) ਗੁਰਕਿਰਤ ਕਿਰਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। 150 ਕਮਰਿਆਂ ਵਾਲਾ ਇਹ ਹੋਟਲ ‘ਟ੍ਰਾਈਡੈਂਟ’ ਬ੍ਰਾਂਡ ਤਹਿਤ ਪੰਜਾਬ ਦਾ ਪਹਿਲਾ ਹੋਟਲ ਹੋਵੇਗਾ। ਇਸ ‘ਤੇ ਲਗਭਗ 400 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ, ਜਿਸ ਨਾਲ ਇਲਾਕੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ ਅਤੇ ਕਰੀਬ 350 ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਗ੍ਰੀਨਫੀਲਡ ਪ੍ਰੋਜੈਕਟ ਦਾ ਕੰਮ ਜੁਲਾਈ 2026 ਵਿੱਚ ਸ਼ੁਰੂ ਹੋ ਕੇ ਮਾਰਚ 2029 ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ‘ਇਨਵੈਸਟ ਪੰਜਾਬ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਪਿਛਲੇ ਡੇਢ ਸਾਲ ਤੋਂ ਦੋਵਾਂ ਧਿਰਾਂ ਨੂੰ ਇਕੱਠੇ ਲਿਆਉਣ ਲਈ ਯਤਨਸ਼ੀਲ ਸੀ।

ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਨੇ ਸਾਲ 2025-26 ਵਿੱਚ ਰਿਕਾਰਡ 59,448 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ। 1 ਅਪ੍ਰੈਲ 2022 ਤੋਂ ਹੁਣ ਤੱਕ ਸੂਬੇ ਵਿੱਚ ਕੁੱਲ 1,59,947 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜੋ 5.57 ਲੱਖ ਤੋਂ ਵੱਧ ਨੌਕਰੀਆਂ ਦੀ ਸੰਭਾਵਨਾ ਪੈਦਾ ਕਰਦਾ ਹੈ। ਇਹ ਨਵਾਂ ਪ੍ਰੋਜੈਕਟ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਧਿਆਤਮਿਕ ਅਤੇ ਸੈਰ-ਸਪਾਟਾ ਕੇਂਦਰ ਵਜੋਂ ਹੋਰ ਮਜ਼ਬੂਤ ਕਰੇਗਾ।

Read More : ਐੱਸ.ਜੀ.ਪੀ.ਸੀ. ਦਾ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ

Leave a Reply

Your email address will not be published. Required fields are marked *