8 ਪਿਸਤੌਲਾਂ ਅਤੇ ਮੈਗਜ਼ੀਨ ਜ਼ਬਤ
ਅੰਮ੍ਰਿਤਸਰ, 23 ਜੁਲਾਈ : ਪੰਜਾਬ ਵਿਚ ਹਥਿਆਰਾਂ ਦੀ ਸਮੱਗਲਿੰਗ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਪੁਲਿਸ ਅਤੇ ਬੀ. ਐੱਸ. ਐੱਫ਼. ਨੇ ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਵਿਰੁੱਧ ਵੱਡੀ ਕਾਰਵਾਈ ਕਰ ਕੇ 4 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 8 ਪਿਸਤੌਲ (5 .30 ਕੈਲੀਬਰ ਅਤੇ 3 9 ਐੱਮ. ਐੱਮ. ਕੈਲੀਬਰ) ਅਤੇ ਮੈਗਜ਼ੀਨ ਜ਼ਬਤ ਕੀਤੇ ਹਨ।
ਇਸ ਸਬੰਧੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਡਾਂਡੇ ਜ਼ਿਲਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਵਾਸੀ ਡਾਂਡੇ ਜ਼ਿਲਾ ਅੰਮ੍ਰਿਤਸਰ ਅਤੇ ਅਕਾਸ਼ਦੀਪ ਸਿੰਘ, ਵਾਸੀ ਚੱਬਲ, ਜ਼ਿਲਾ ਤਰਨਤਾਰਨ, ਗੁਰਪ੍ਰੀਤ ਸਿੰਘ ਵਾਸੀ ਕਸੇਲ, ਜ਼ਿਲਾ ਤਰਨਤਾਰਨ ਵਜੋਂ ਹੋਈ ਹੈ।
ਪੁਲਿਸ ਹੁਣ ਇਸ ਸਮੱਗਲਿੰਗ ਗਿਰੋਹ ਦੇ ਬਾਕੀ ਮੈਂਬਰਾਂ ਅਤੇ ਸੰਭਾਵਿਤ ਵਿਦੇਸ਼ੀ ਸਬੰਧਾਂ ਦਾ ਪਤਾ ਲਗਾਉਣ ਲਈ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਆ ਰਹੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਇਕ ਪੂਰੀ ਰਣਨੀਤੀ ਤਿਆਰ ਕੀਤੀ ਹੈ।
Read More : 19 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ