ਫਿਰੋਜ਼ਪੁਰ, 4 ਅਕਤੂਬਰ : ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਗੁਰਵਿੰਦਰ ਕੁਮਾਰ ਦੀ ਅਗਵਾਈ ਹੇਠ 3 ਨਸ਼ਾ ਸਮੱਗਲਰਾਂ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਆਈਸ ਡਰੱਗ ਅਤੇ 4 ਮੋਬਾਈਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਮਨਜੀਤ ਸਿੰਘ, ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ ਹਨ। ਜਦੋਂ ਥਾਣਾ ਸਦਰ ਫਿਰੋਜ਼ਪੁਰ ਦੇ ਇੰਸਪੈਕਟਰ ਗੁਰਵਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਪਿੰਡ ਗੁਲਾਮ ਹੁਸੈਨ ਤੋਂ ਹਬੀਬਕੇ ਵੱਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਪਾਰਟੀ ਨੇ ਇਕ ਸ਼ੱਕੀ ਵਿਅਕਤੀ ਨੂੰ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਉਂਦੇ ਦੇਖਿਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਲੱਗਾ ਤਾਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਤਾਂ ਪੁੱਛ-ਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਨਾਂ ਰਮਨਦੀਪ ਸਿੰਘ ਉਰਫ ਰਮਨੀ ਵਾਸੀ ਹਬੀਬ ਕੇ ਹੈ, ਜਿਸ ਦੀ ਤਲਾਸ਼ੀ ਲੈਣ ’ਤੇ 863 ਗ੍ਰਾਮ ਆਈਸ ਡਰੱਗ ਬਰਾਮਦ ਹੋਈ।
ਨਸ਼ਾ ਸਮੱਗਲਰ ਤੋਂ ਪਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਅਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਵਾਸੀ ਦਾਨ ਸਿੰਘ ਵਾਲਾ ਜ਼ਿਲਾ ਬਠਿੰਡਾ ਆਈਸ ਲੈਣ ਲਈ ਆਏ ਸਨ, ਉਨ੍ਹਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਕ ਸਵਾਲ ਦੇ ਜਵਾਬ ’ਚ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਦੱਸਿਆ ਕਿ ਰਮਨਦੀਪ ਨੂੰ ਹੈਰੋਇਨ, ਅਲੀ ਨਾਂ ਦੇ ਇਕ ਪਾਕਿਸਤਾਨੀ ਨਸ਼ਾ ਸਮੱਗਲਰ ਨੇ ਮੁਹੱਈਆ ਕਰਵਾਈ ਸੀ ਅਤੇ ਪੁਲਸ ਨੇ ਇਨ੍ਹਾਂ ਸਾਰੇ ਨਸ਼ਾ ਸਮੱਗਲਰਾਂ ਦੀ ਵਟਸਐਪ ਚੈਟ ਅਤੇ ਕਾਲਾਂ ਟਰੇਸ ਕਰ ਲਈਆਂ ਹਨ।
ਰਮਨਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਹੈਰੋਇਨ ਅਤੇ ਹਥਿਆਰਾਂ ਦੀ ਬਰਾਮਦਗੀ ਨੂੰ ਲੈ ਕੇ 2 ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ’ਚ ਕੇਸ ਦਰਜ ਕੀਤਾ ਗਿਆ ਹੈ।
Read More : ਇਸ ਵਾਰ ਅਸੀਂ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਵਾਂਗੇ : ਭਾਰਤੀ ਫੌਜ ਮੁਖੀ