2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ
ਨਵਾਂਸ਼ਹਿਰ, 20 ਦਸੰਬਰ : ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ ਆਯੋਜਿਤ ਹੋਣ ਵਾਲੇ ਕਬੱਡੀ ਕੱਪ ਦੌਰਾਨ ਇਕ ਵਿਅਕਤੀ ਦੇ ਕਤਲ ਦੀ ਯੋਜਨਾ ਬਣਾ ਰਹੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਐੱਸ. ਪੀ. ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਪੁਲਸ ਜਦੋਂ ਪਿੰਡ ਕਰੀਹਾ ਪਹੁੰਚੀ ਤਾਂ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਨਨੀਸ਼ ਕੁਮਾਰ ਉਰਫ਼ ਮਨੀਸ਼ ਕੁਮਾਰ ਨਿਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ, ਮੌਜੂਦਾ ਵਾਸੀ ਸਮੇਂ ਪੱਛਮੀ ਚੁਗਿੱਟੀ, ਜਲੰਧਰ, ਰਾਜ ਕੁਮਾਰ ਉਰਫ਼ ਰਾਜਾ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ, ਸੁਭਾਨਪੁਰ ਥਾਣਾ, ਜ਼ਿਲਾ ਕਪੂਰਥਲਾ ਅਤੇ ਸਾਹਿਲ ਪੁੱਤਰ ਸੰਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜ਼ਿਲਾ ਕਪੂਰਥਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਨਾਜਾਇਜ਼ ਹਥਿਆਰਾਂ ਨਾਲ ਪਿੰਡ ਮੱਲਪੁਰ ਅੜਕਾ ਵਾਲੀ ਨਹਿਰ ਵਾਲੀ ਸਾਈਡ ਘੁੰਮ ਰਹੇ ਹਨ।
ਐੱਸ. ਪੀ. ਵਾਹੀਆ ਨੇ ਦੱਸਿਆ ਕਿ ਇਸ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਨਨੀਸ਼ ਕੁਮਾਰ, ਰਾਜ ਕੁਮਾਰ ਉਰਫ ਰਾਜਾ ਅਤੇ ਸਾਹਿਲ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕਰੀਮਪੁਰ ਚਾਹਵਾਲਾ ਵਿਚ ਇਕ ਕਬੱਡੀ ਟੂਰਨਾਮੈਂਟ ਆਯੋਜਿਤ ਹੋਣ ਵਾਲਾ ਹੈ, ਜਿੱਥੇ ਉਨ੍ਹਾਂ ਨੇ ਕਸਬਾ ਜਾਡਲਾ ਦੇ ਰਹਿਣ ਵਾਲੇ ਰਾਮ ਕੁਮਾਰ ਉਰਫ਼ ਰਾਮਾ, ਜਿਸ ਨਾਲ ਉਨ੍ਹਾਂ ਦੀ ਰੰਜਿਸ਼ ਹੈ, ਦਾ ਕਤਲ ਕਰਨਾ ਸੀ। ਗ੍ਰਿਫਤਾਰ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲੇ ਦਰਜ ਹਨ।
ਐੱਸ. ਪੀ. ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।
Read More : ਲੜਾਈ ਛੁਡਵਾਉਣ ਗਏ ਨੌਜਵਾਨ ਦਾ ਕਤਲ
