ਨਿੱਜੀ ਬੱਸ ਦੇ ਬੀ.ਆਰ.ਟੀ.ਐੱਸ. ਸਟੇਸ਼ਨ ਲੈਂਟਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਅੰਮ੍ਰਿਤਸਰ,6 ਅਕਤੂਬਰ : ਸੋਮਵਾਰ ਰਾਤ ਨੂੰ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਲੋਕਾ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਬੀੜ ਵਿਜ਼ਨ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਤਾਰਾਂ ਵਾਲਾ ਪੁਲ਼ ਨੇੜੇ ਇਕ ਨਿੱਜੀ ਬੱਸ ਦੀ ਛੱਤ ‘ਤੇ ਬੈਠੇ ਯਾਤਰੀਆਂ ਦੀ ਬੀ.ਆਰ.ਟੀ.ਐੱਸ. ਸਟੇਸ਼ਨ ਦੇ ਲੈਂਟਰ ਨਾਲ ਟਕਰਾਉਣ ਕਾਰਨ ਹੋਇਆ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ।
ਇਸ ਦੌਰਾਨ ਹਫੜਾ-ਦਫੜੀ ਮਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ, ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸਹਾਇਕ ਪੁਲਿਸ ਕਮਿਸ਼ਨਰ ਸ਼ੀਤਲ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਨਿੱਜੀ ਕੰਪਨੀ ਦੀ ਇੱਕ ਨਿੱਜੀ ਬੱਸ ਸੋਮਵਾਰ ਰਾਤ 8:00 ਵਜੇ ਬਾਬਾ ਬੁੱਢਾ ਸਾਹਿਬ ਦੇ ਧਾਰਮਿਕ ਸਥਾਨ ਤੋਂ ਅੰਮ੍ਰਿਤਸਰ ਬੱਸ ਸਟੈਂਡ ਵੱਲ ਜਾ ਰਹੀ ਸੀ। ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ। ਭੀੜ-ਭੜੱਕੇ ਕਾਰਨ, ਛੱਤ ‘ਤੇ 25 ਤੋਂ 30 ਲੋਕ ਵੀ ਸਵਾਰ ਸਨ।
ਅੰਮ੍ਰਿਤਸਰ ਸ਼ਹਿਰ ਦੇ ਤਾਰਾਂ ਵਾਲਾ ਪੁਲ਼ ਦੇ ਨੇੜੇ ਬੱਸ ਡਰਾਈਵਰ ਭੁੱਲ ਗਿਆ ਕਿ ਉਸਨੇ ਛੱਤ ‘ਤੇ ਸਵਾਰੀਆਂ ਚੜ੍ਹਾਈਆਂ ਹਨ। ਡਰਾਈਵਰ ਨੇ ਤੇਜ਼ ਰਫ਼ਤਾਰ ਬੱਸ ਨੂੰ ਬੀ.ਆਰ.ਟੀ.ਐੱਸ. ਲੇਨ ਵਿੱਚ ਚਲਾ ਦਿੱਤਾ। ਲੈਂਟਰ ਦੀ ਉਚਾਈ ਬੱਸ ਨਾਲੋਂ ਜ਼ਿਆਦਾ ਨਹੀਂ ਸੀ। ਛੱਤ ‘ਤੇ ਸਵਾਰ ਯਾਤਰੀ ਬੀ.ਆਰ.ਟੀ.ਐੱਸ. ਲੈਂਟਰ ਨਾਲ ਟਕਰਾ ਗਏ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 6 ਹੋਰ ਗੰਭੀਰ ਜ਼ਖ਼ਮੀ ਹੋ ਗਏ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਨਹੀਂ ਹੋ ਸਕੀ।
Read More : ਭਗਵੰਤ ਮਾਨ, ਐੱਮ.ਪੀ. ਕੰਗ ਤੇ ਬੈਂਸ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ