amritsar

ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 3 ਗ੍ਰਿਫ਼ਤਾਰ, 6 ਪਿਸਤੌਲ ਬਰਾਮਦ

ਪਾਕਿਸਤਾਨੀ ਸਮੱਗਲਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਸਨ ਮੁਲਜ਼ਮ; ਡਰੋਨ ਰਾਹੀਂ ਮੰਗਵਾਏ ਹਥਿਆਰ ਅੱਗੇ ਸਪਲਾਈ ਕਰਨ ਦੀ ਸੀ ਯੋਜਨਾ

ਅੰਮ੍ਰਿਤਸਰ, 14 ਅਪ੍ਰੈਲ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰੋਂ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 6 ਅਤਿ-ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ਼ ਮੰਗਾ ਨਿਵਾਸੀ ਕਾਜ਼ੀਕੋਟ (ਤਰਨਤਾਰਨ), ਪ੍ਰਣਵ ਸ਼ਰਮਾ ਉਰਫ਼ ਲੱਡੂ ਨਿਵਾਸੀ ਛੇਹਰਟਾ ਅਤੇ ਗੌਰਵ ਰਾਣਾ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਅਨੁਸਾਰ ਬਰਾਮਦ ਕੀਤੇ ਗਏ ਹਥਿਆਰਾਂ ਵਿਚ ਦੋ ਮੇਡ-ਇਨ-ਚਾਈਨਾ .30 ਬੋਰ, ਇਕ ਜਿਗਾਨਾ .30 ਬੋਰ ਅਤੇ ਤਿੰਨ ਹੋਰ .30 ਬੋਰ ਦੇ ਪਿਸਤੌਲ ਸ਼ਾਮਲ ਹਨ।

ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿਚ ਸਨ। ਨਾਜਾਇਜ਼ ਹਥਿਆਰ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੇ ਜਾਂਦੇ ਸਨ, ਜਿਨ੍ਹਾਂ ਨੂੰ ਇਹ ਮੁਲਜ਼ਮ ਇਕੱਠਾ ਕਰ ਕੇ ਅੱਗੇ ਅਪਰਾਧਿਕ ਅਨਸਰਾਂ ਤੱਕ ਪਹੁੰਚਾਉਂਦੇ ਸਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਹਿਲਾਂ ਮੰਗਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਨਿਸ਼ਾਨਦੇਹੀ ’ਤੇ ਬਾਕੀ ਦੋਵੇਂ ਮੁਲਜ਼ਮ ਫੜੇ ਗਏ।

ਪੁਲਸ ਮੁਤਾਬਕ ਪ੍ਰਣਵ ਅਤੇ ਗੌਰਵ ਰਾਣਾ ਦਾ ਪਹਿਲਾਂ ਵੀ ਅਪਰਾਧਿਕ ਇਤਿਹਾਸ ਰਿਹਾ ਹੈ ਅਤੇ ਉਹ ਰਣਜੀਤ ਐਵੇਨਿਊ ਵਿਖੇ ਬੰਦੂਕ ਦੀ ਨੋਕ ’ਤੇ ਕੀਤੀ ਗਈ ਇਕ ਲੁੱਟ ਦੀ ਵਾਰਦਾਤ ਵਿਚ ਵੀ ਲੋੜੀਂਦੇ ਸਨ। ਇਸ ਤਾਜ਼ਾ ਮਾਮਲੇ ਵਿਚ ਪੁਲਸ ਨੇ ਥਾਣਾ ਕੈਂਟੋਨਮੈਂਟ ਵਿਖੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਨੈੱਟਵਰਕ ਦੇ ਹੋਰ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਰਾਸ਼ਟਰਪਤੀ ਮੁਰਮੂ ਅਤੇ PM ਮੋਦੀ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਭੇਟ ਕੀਤੀ ਸ਼ਰਧਾ ਦੇ ਫੁੱਲ

Leave a Reply

Your email address will not be published. Required fields are marked *