ਜਬਰ-ਜ਼ਨਾਹ ਕਰਨ ਵਾਲਿਆਂ ’ਚ ਸ਼ਾਮਲ 2 ਨੌਜਵਾਨ ਹਾਲ ’ਚ ਹੀ ਜ਼ਮਾਨਤ ’ਤੇ ਜੇਲ ’ਚੋਂ ਆਏ ਸਨ ਬਾਹਰ
ਜਲੰਧਰ, 29 ਨਵੰਬਰ ਲੋਹੀਆਂ ਇਲਾਕੇ ਵਿਚ ਬੀਤੇ ਐਤਵਾਰ ਰਾਤ ਸਮੇਂ ਘਰ ਵਿਚ ਡਾਕਾ ਮਾਰਨ ਲਈ ਦਾਖਲ ਹੋਏ ਹਥਿਆਰਾਂ ਨਾਲ ਲੈਸ 4 ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਪ੍ਰਵਾਸੀ ਮਾਂ-ਧੀ ਨਾਲ ਜਬਰ-ਜ਼ਨਾਹ ਕਰਨ ’ਤੇ 3 ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥਾ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਦੀਆਂ ਸਪੈਸ਼ਲ ਟੀਮਾਂ ਉਸ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਹੈਰਾਨੀਜਨਕ ਗੱਲ ਇਹ ਹੈ ਕਿ ਜਬਰ-ਜ਼ਨਾਹ ਕਰਨ ਵਾਲੇ ਗੈਂਗ ਵਿਚ ਸ਼ਾਮਲ 2 ਨੌਜਵਾਨ ਹਾਲ ਹੀ ਵਿਚ ਕਿਸੇ ਹੋਰ ਅਪਰਾਧਿਕ ਕੇਸ ਵਿਚ ਜੇਲ ਵਿਚੋਂ ਜ਼ਮਾਨਤ ’ਤੇ ਬਾਹਰ ਆਏ ਸਨ। ਗੱਲਬਾਤ ਦੌਰਾਨ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ, ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਸਰਬਜੀਤ ਰਾਏ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਇੰਦਰਜੀਤ ਿਸੰਘ ਉਪ ਪੁਲਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਓਂਕਾਰ ਸਿੰਘ ਬਰਾੜ ਉਪ ਪੁਲਸ ਕਪਤਾਨ, ਸੁਖਪਾਲ ਸਿੰਘ ਉਪ ਪੁਲਸ ਕਪਤਾਨ ਜ਼ਿਲਾ ਜਲੰਧਰ ਦਿਹਾਤੀ ਦੀ ਅਗਵਾਈ ਵਿਚ ਇੰਸ. ਪੁਸ਼ਪ ਬਾਲੀ, ਇੰਚਾਰਜ ਸੀ. ਆਈ. ਏ. ਸਟਾਫ ਸਮੇਤ ਜਲੰਧਰ ਦਿਹਾਤੀ ਪੁਲਸ ਨੇ ਥਾਣਾ ਲੋਹੀਆਂ ਇਲਾਕੇ ਵਿਚ ਹੋਏ ਇਸ ਸਨਸਨੀਖੇਜ਼ ਗੈਂਗਰੇਪ ਦੇ ਮੁੱਖ ਮੁਲਜ਼ਮ ਸਮੇਤ 2 ਹੋਰਨਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਮੀਡੀਆ ਨੂੰ ਦੱਸਿਆ ਕਿ 23-24 ਨਵੰਬਰ ਦੀ ਰਾਤ) ਲੱਗਭਗ 12.30 ਵਜੇ ਪਿੰਡ ਕੰਗ ਕਲਾਂ ਵਿਚ ਮੋਟਰ ’ਤੇ ਖੇਤਾਂ ਵਿਚ ਮਿਹਨਤ-ਮਜ਼ਦੂਰੀ ਕਰ ਰਹੀਆਂ ਮਾਂ-ਧੀ ਦੇ ਨਾਲ ਉਨ੍ਹਾਂ ਦੇ ਜਵਾਈ ਅਤੇ 3 ਛੋਟੇ ਬੱਚਿਆਂ ਨੂੰ ਬੰਦੀ ਬਣਾ ਕੇ ਹਥਿਆਰਾਂ ਦੀ ਨੋਕ ’ਤੇ ਗੈਂਗਰੇਪ ਕੀਤਾ ਗਿਆ।
ਮਾਂ-ਧੀ ਨੇ ਦੱਸਿਆ ਕਿ 4 ਅਣਪਛਾਤੇ ਵਿਅਕਤੀ ਜ਼ਬਰਦਸਤੀ ਮੋਟਰ ’ਤੇ ਬਣੇ ਕਮਰੇ ਵਿਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਜਵਾਈ ਅਤੇ ਬੱਚਿਆਂ ਨੂੰ ਦੂਜੇ ਕਮਰੇ ਵਿਚ ਬੰਦ ਕੀਤਾ ਗਿਆ। ਮਾਂ (ਉਮਰ ਲੱਗਭਗ 35 ਸਾਲ) ਦੇ ਨਾਲ 3 ਵਿਅਕਤੀਆਂ ਨੇ ਅਤੇ ਧੀ (ਉਮਰ ਲੱਗਭਗ 19 ਸਾਲ) ਨਾਲ ਇਕ ਵਿਅਕਤੀ ਨੇ ਇਕ ਕਮਰੇ ਵਿਚ ਲਿਜਾ ਕੇ ਧਮਕਾਉਂਦੇ ਹੋਏ ਵਾਰੀ-ਵਾਰੀ ਗੈਂਗਰੇਪ ਕੀਤਾ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਇਸ ਸਬੰਧ ਵਿਚ ਮਹਿਲਾ/ਇੰਸਪੈਕਟਰ ਸੀਮਾ, ਥਾਣਾ ਲੋਹੀਆਂ ਵੱਲੋਂ ਮਾਮਲਾ ਨੰਬਰ 176 ਤਰੀਕ 24 ਨਵੰਬਰ ਨੂੰ ਥਾਣਾ ਲੋਹੀਆਂ ਵਿਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਲਈ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਤੁਰੰਤ ਮੁਲਜ਼ਮਾਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ। ਐੱਸ. ਐੱਸ. ਪੀ. ਵਿਰਕ ਨੇ ਦੱਸਿਆ ਕਿ ਐੱਸ. ਪੀ. ਸਰਬਜੀਤ ਰਾਏ ਦੀ ਨਿਗਰਾਨੀ ਵਿਚ ਪੁਲਸ ਨੇ ਵਿਗਿਆਨਿਕ, ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ 29 ਨਵੰਬਰ ਨੂੰ ਮਾਮਲਾ ਨੰਬਰ 176 ਨੂੰ ਟ੍ਰੇਸ ਕਰ ਕੇ ਮੁਲਜ਼ਮ ਸੱਜਣ ਪੁੱਤਰ ਮਾਰਕ, ਰੌਕੀ ਪੁੱਤਰ ਲਿਟ ਸ਼ੌਕਤ ਨਿਵਾਸੀ ਨਜ਼ਦੀਕ ਜਲੰਧਰ ਪਬਲਿਕ ਸਕੂਲ, ਗੁਰੂ ਨਾਨਕ ਕਾਲੋਨੀ, ਵਾਰਡ ਨੰਬਰ 1 ਲੋਹੀਆਂ, ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੱੁਤਰ ਰਣਜੀਤ ਸਿੰਘ ਨਿਵਾਸੀ ਪਿੰਡ ਪੂਨੀਆਂ, ਹਾਲ ਨਿਵਾਸੀ ਗੁਰੂ ਨਾਨਕ ਕਾਲੋਨੀ, ਵਾਰਡ ਨੰਬਰ 2 ਲੋਹੀਆਂ ਨੂੰ ਨਾਮਜ਼ਦ ਕੀਤਾ ਗਿਆ।
ਸੂਚਨਾ ਮਿਲਦੇ ਹੀ ਕੰਡਨੁਮਾ ਰੈਸਟ ਹਾਊਸ, ਨਜ਼ਦੀਕ ਰੇਲਵੇ ਸਟੇਸ਼ਨ ਲੋਹੀਆਂ ਤੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਵਿਚ ਵਰਤੇ 2 ਮੋਟਰਸਾਈਕਲ (ਹੀਰੋ ਸਪਲੈਂਡਰ ਅਤੇ ਬਜਾਜ ਪਲੈਟਿਨਾ) ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।
ਐੱਸ. ਐੱਸ. ਪੀ. ਹਰਵਿੰਦਰ ਵਿਰਕ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਲਿਜਾ ਕੇ ਕ੍ਰਾਈਮ ਸੀਨ ਰੀ-ਕ੍ਰੀਏਟ ਕਰ ਕੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਨ੍ਹਾਂ ਦੇ ਚੌਥੇ ਸਾਥੀ ਰਾਜਨ ਉਰਫ ਰੋਹਿਤ ਪੁੱਤਰ ਮੰਗਲ ਵਾਰਡ ਨੰਬਰ 1 ਲੋਹੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁੱਛਗਿੱਛ ਵਿਚ ਮੁਲਜ਼ਮਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਮਿਲ ਕੇ ਚੋਰੀ ਦੇ ਨਾਲ-ਨਾਲ ਇਹ ਗੈਂਗਰੇਪ ਦੀ ਵਾਰਦਾਤ ਕੀਤੀ ਅਤੇ ਮੌਕੇ ’ਤੇ ਰੱਖੀ ਵਿਦੇਸ਼ੀ ਸ਼ਰਾਬ ਵੀ ਪੀਤੀ।
ਸੱਜਣ ਅਤੇ ਰੌਕੀ ਦੋਵਾਂ ਖ਼ਿਲਾਫ਼ ਪਹਿਲਾਂ ਤੋਂ ਵੱਖ-ਵੱਖ ਧਾਰਾਵਾਂ ਤਹਿਤ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ। ਸੱਜਣ 12 ਅਗਸਤ 2025 ਨੂੰ ਅਤੇ ਰੌਕੀ 8 ਜੁਲਾਈ 2025 ਨੂੰ ਕਪੂਰਥਲਾ ਦੀ ਜੇਲ ਵਿਚੋਂ ਜ਼ਮਾਨਤ ’ਤੇ ਬਾਹਰ ਆਏ ਸਨ। ਉਨ੍ਹਾਂ ਕਿਹਾ ਕਿ ਫ਼ਰਾਰ ਰਾਜਨ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਕਤਲ ਦੇ ਮਾਮਲੇ ’ਚ ਸਾਬਕਾ ਵਿਧਾਇਕ ਅਨਵਰ ਦੇ ਭਤੀਜੇ ਨੂੰ ਉਮਰ ਕੈਦ
