ਬੈਂਕ ਨੇ ਆਪਣਾ ਵਾਅਦਾ ਨਿਭਾਇਆ
ਸਾਦਿਕ, 18 ਅਗਸਤ – ਜ਼ਿਲਾ ਫਰੀਦਕੋਟ ਵਿਚ ਕਰੀਬ ਮਹੀਨਾਂ ਪਹਿਲਾਂ ਭਾਰਤੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਸਾਦਿਕ ਦੇ ਕਲਰਕ ਵੱਲੋਂ ਕੀਤੇ ਕਰੋੜਾਂ ਰੁਪਏ ਦੇ ਘਪਲੇ ਵਿੱਚੋਂ ਬੈਂਕ ਅਧਿਕਾਰੀਆਂ ਨੇ ਆਪਣਾ ਕੀਤਾ ਵਾਅਦਾ ਪੂਰਾ ਕਰਦੇ ਹੋਏ ਕਰੀਬ 24 ਲੱਖ ਰੁਪਏ ਦੀ ਰਾਸ਼ੀ 6 ਪੀੜਤ ਲੋਕਾਂ ਦੇ ਖਾਤਿਆਂ ਵਿੱਚ ਅੱਜ ਟ੍ਰਾਂਸਫਰ ਕਰ ਦਿੱਤੀ ਹੈ।
ਬੈਂਕ ਦੇ ਆਰ.ਐਮ ਪ੍ਰਵੀਨ ਸੋਨੀ ਨੇ ਦੱਸਿਆ ਕਿ ਲਿਖਤੀ ਕਾਰਵਾਈ ਮੁਕੰਮਲ ਕਰ ਕੇ ਵੀਰਪਾਲ ਕੌਰ ਬੀਹਲੇਵਾਲਾ, ਜਲੰਧਰ ਸਿੰਘ ਕਾਉਣੀ, ਗੁਰਚਰਨ ਸਿੰਘ ਬੀਹਲੇਵਾਲਾ, ਬਲਜਿੰਦਰ ਕੌਰ ਬੀਹਲੇਵਾਲਾ, ਨਿਸ਼ਾਨ ਸਿੰਘ ਚੱਕ ਜਮੀਤ ਸਿੰਘ ਵਾਲਾ, ਅਮਨਦੀਪ ਕੌਰ ਵਾਸੀ ਸਾਦਿਕ ਦੇ ਖਾਤਿਆਂ ਵਿੱਚ ਕਰੀਬ 24 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਜਾ ਰਹੀ ਹੈ।
ਬੈਂਕ ਨੇ ਗਾਹਕਾਂ ਦੀ ਮਸ਼ਕਲ ਨੂੰ ਦੇਖਦਿਆਂ ਇੱਕ ਪ੍ਰਤੀਸ਼ਤ ਵੱਧ ਵਿਆਜ ਸਮੇਤ ਇਹ ਰਕਮ ਵਾਪਸ ਕੀਤੀ ਹੈ ਤੇ ਬਾਕੀ ਦਰਖਾਸਤਾਂ ਦਾ ਕੰਮ ਵੀ 90 ਦਿਨਾਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਹੁਣ ਤੱਕ ਦੀ ਬੈਂਕ ਅਧਿਕਾਰੀਆਂ ਦੀ ਕਾਰਵਾਈ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਪੀੜਤ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇੱਕ ਇੱਕ ਰੁਪਇਆ ਵਾਪਸ ਕਰਾਉਣ ਤੱਕ ਉਨਾਂ ਦੇ ਨਾਲ ਹਨ।
ਬਹੁ ਕਰੋੜੀ ਘਪਲੇ ਨਾਲ ਸਬੰਧਤ ਹੁਣ ਤੱਕ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਤੇ ਉਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਜਿਸ ਵਿੱਚ ਮੁੱਖ ਮੁਲਜ਼ਮ ਅਮਿਤ ਧੀਂਗੜਾ, ਉਸ ਦੀ ਪਤਨੀ ਰੁਪਿੰਦਰ ਕੌਰ ਤੇ ਅਮਿਤ ਦਾ ਸਾਥੀ ਅਭਿਸ਼ੇਕ ਗੁਪਤਾ ਸ਼ਾਮਲ ਹਨ ਜਦੋਂ ਕਿ ਦੋ ਹੋਰ ਕਥਿਤ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
Read More : ਅੰਮ੍ਰਿਤਸਰ ’ਚ ਗੰਦਾ ਪਾਣੀ ਪੀਣ ਨਾਲ 3 ਲੋਕਾਂ ਦੀ ਮੌਤ