ਡੀ. ਸੀ. ਨੇ ਕਿਹਾ-ਖਤਰੇ ਦੀ ਅਜੇ ਕੋਈ ਗੱਲ ਨਹੀਂ, ਅਫਵਾਹਾਂ ’ਤੇ ਧਿਆਨ ਨਾ ਦਿਓ
ਹੁਸ਼ਿਆਰਪੁਰ, 6 ਅਗਸਤ :ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪੌਂਗ ਡੈਮ ਦੇ ਜਲ ਪੱਧਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਤਲਵਾੜਾ ਸਥਿਤ ਪੌਂਗ ਡੈਮ ਤੋਂ ਅੱਜ ਸ਼ਾਮ ਕਰੀਬ 5 ਵਜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੌਂਗ ਡੈਮ ਦੇ ਪਾਵਰ ਹਾਊਸ ਦੀਆਂ ਟਰਬਾਈਨਾਂ ਰਾਹੀਂ 19300 ਕਿਊਸਿਕ ਅਤੇ ਸਪਿਲਵੇਅ ਗੇਟਾਂ ਰਾਹੀਂ 4000 ਕਿਊਸਿਕ, ਕੁੱਲ 23300 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ।
ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ਵਿਚ ਲੋਕ ਪਾਣੀ ਦੇਖਣ ਲਈ ਸ਼ਾਹ ਨਹਿਰ ਬੈਰਾਜ ਦੇ 52 ਗੇਟਾਂ ਦੇ ਆਸਪਾਸ ਇਕੱਠੇ ਹੋ ਗਏ। ਅੱਜ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 1 ਲੱਖ 29 ਹਜ਼ਾਰ 273 ਕਿਊਸਿਕ ਦਰਜ ਕੀਤੀ ਗਈ ਅਤੇ ਡੈਮ ਦਾ ਜਲ ਪੱਧਰ 1372.52 ਫੁੱਟ ਦਰਜ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ ਕੁੱਲ 12360 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾ ਰਿਹਾ ਹੈ ਅਤੇ 5500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਜਾ ਰਿਹਾ ਹੈ। ਸ਼ਾਹ ਨਹਿਰ ਬੈਰਾਜ ਤੋਂ ਹੁਣ 16800 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਜਾਵੇਗਾ।
ਡੀ. ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ‘ਖਤਰੇ ਦੀ ਕੋਈ ਗੱਲ ਨਹੀਂ ਹੈ। ਸਾਡੀਆਂ ਟੀਮਾਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਅਤੇ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।’ ਇਹ ਸੰਦੇਸ਼ ਉਨ੍ਹਾਂ ਨੇ ਅਫਵਾਹਾਂ ਫੈਲਣ ਤੋਂ ਬਾਅਦ ਦਿੱਤਾ ਹੈ ਤਾਂ ਜੋ ਲੋਕਾਂ ਵਿਚ ਸ਼ਾਂਤੀ ਬਣੀ ਰਹੇ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ’ਤੇ ਧਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿਚ ਛੱਡੇ ਗਏ ਪਾਣੀ ਨਾਲ ਆਸ-ਪਾਸ ਦੇ ਪਿੰਡਾਂ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ।
ਪਾਣੀ ਕਦੋਂ ਤੱਕ ਛੱਡਿਆ ਜਾਵੇਗਾ, ਇਹ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ ’ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਨੂੰ ਫਿਲਹਾਲ ਸੁਰੱਖਿਅਤ ਦੱਸਿਆ ਹੈ ਅਤੇ ਉਨ੍ਹਾਂ ਨੂੰ ਬਿਆਸ ਦਰਿਆ ਦੇ ਕਿਨਾਰੇ ਨਾ ਜਾਣ ਦੀ ਸਲਾਹ ਦਿੱਤੀ ਹੈ।
Read More : ਉੱਤਰਕਾਸ਼ੀ ਤੋਂ ਬਾਅਦ ਪੌੜੀ ‘ਚ ਫਟਿਆ ਬੱਦਲ, ਕਈ ਜ਼ਖਮੀ