ਹਵੇਲੀ ਵਿਚ ਬਿਜਲੀ ਵਾਲੇ ਟੋਕੇ ’ਤੇ ਕੁਤਰ ਰਹੇ ਸੀ ਪੱਠੇ
ਗੁਰਦਾਸਪੁਰ, 30 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਹਵੇਲੀ ਵਿਚ ਤਿੰਨ ਨੌਜਵਾਨ ਸ਼ਾਮ ਕਰੀਬ 7 ਵਜੇ ਬਿਜਲੀ ਵਾਲੇ ਟੋਕੇ ’ਤੇ ਪੱਠੇ ਕੁਤਰ ਰਹੇ ਸੀ ਕਿ ਅਚਾਨਕ ਟੋਕੇ ’ਚ ਕਰੰਟ ਆ ਗਿਆ, ਜਿਸ ਕਾਰਨ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਇਸ ਸਬੰਧੀ ਸੋਨੀ ਸ਼ਰਮਾ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਖੇਤੀਬਾੜੀ ਦਾ ਕਾਰੋਬਾਰ ਕਰਦੇ ਸਨ। ਇਨ੍ਹਾਂ ’ਚ ਜਸਵਿੰਦਰ ਸਿੰਘ ਠਾਕੁਰ ਅਤੇ ਅਰਜਨ ਸਿੰਘ ਠਾਕੁਰ ਦੋਵੇਂ ਸਕੇ ਭਰਾ ਸਨ। ਮ੍ਰਿਤਕਾਂ ਦੀ ਪਹਿਛਾਣ ਜਸਵਿੰਦਰ ਸਿੰਘ (30) ਅਤੇ ਗਗਨ ਸਿੰਘ (26) ਵਜੋਂ ਹੋਈ ਹੈ ਅਤੇ ਅਰਜਨ ਸਿੰਘ ਠਾਕੁਰ ਗੰਭੀਰ ਜ਼ਖਮੀ ਹੈ, ਜਿਸ ਦਾ ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਗਗਨ ਸਿੰਘ ਆਪਣੇ ਪਿੱਛੇ ਪਤਨੀ, ਇਕ ਛੋਟੀ ਬੇਟੀ ਛੱਡ ਗਿਆ ਹੈ।
Read More : ਪੁੰਛ ਵਿਚ 2 ਅੱਤਵਾਦੀ ਮਾਰੇ