ਟਰੱਕ

ਯੂ.ਪੀ. ਤੋਂ ਲਿਆਂਦੇ 360 ਕੁਇੰਟਲ ਸਸਤੇ ਚੌਲਾਂ ਨਾਲ ਭਰੇ 2 ਟਰੱਕ ਕਾਬੂ

ਟਰੱਕ ਡਰਾਈਵਰਾਂ ਅਤੇ ਸੈਲਰ ਮਾਲਕ ਖਿਲਾਫ ਮਾਮਲਾ ਦਰਜ

ਸਮਾਣਾ, 6 ਦਸੰਬਰ : ਪੰਜਾਬ ਸਰਕਾਰ ਨੂੰ ਚੂਨਾ ਲਗਾਉਣ ਲਈ ਸਸਤੇ ਭਾਅ ’ਤੇ ਹੋਰ ਸੂਬਿਆਂ ਤੋਂ ਚੌਲ ਖਰੀਦ ਕੇ ਸਮਾਣਾ ਦੇ ਇਕ ਸੈਲਰ ਲਈ ਲਿਆਂਦੇ ਗਏ ਲਗਭਗ 15 ਲੱਖ ਰੁਪਏ ਦੇ 360 ਕੁਇੰਟਲ ਚੌਲਾਂ ਨਾਲ ਭਰੇ 2 ਟਰੱਕਾਂ ਨੂੰ ਸਿਟੀ ਪੁਲਸ ਨੇ ਕਾਬੂ ਕਰ ਕੇ ਟਰਾਲੇ, ਡਰਾਈਵਰ ਅਤੇ ਸੈਲਰ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਟਰੱਕ ਡਰਾਈਵਰ ਨੂਰਦੀਨ ਭੱਟ ਵਾਸੀ ਸ਼੍ਰੀਨਗਰ ਅਤੇ ਡਰਾਈਵਰ ਆਮਿਰ ਹੁੂਸੈਨ ਨਿਵਾਸੀ ਸ਼੍ਰੀਨਗਰ ਅਤੇ ਇਕ ਸੈਲਰ ਸਮਾਣਾ ਦਾ ਅਣਪਛਾਤਾ ਮਾਲਕ ਸ਼ਾਮਲ ਹਨ।

ਸਿਟੀ ਪੁਲਸ ਨੇ ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਬਖਸ ਸਿੰਘ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਘੱਗਾ ਰੋਡ ’ਤੇ ਟਰੱਕ ਯੂਨੀਅਨ ਕੋਲ ਮੌਜੂਦ ਸੀ। ਉਸ ਨੂੰ ਸੂਚਨਾ ਮਿਲੀ ਕਿ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ’ਤੇ ਚੌਲ ਖਰੀਦ ਕੇ ਚੀਕਾ (ਹਰਿਆਣਾ) ਦੇ ਰਸਤੇ 360 ਕੁਇੰਟਲ ਚੌਲਾਂ ਨਾਲ ਭਰੇ ਦੋ ਟਰੱਕ-ਟਰਾਲੇ ਸਮਾਣਾ ’ਚ ਲਿਆ ਕੇ ਮਹਿੰਗੇ ਭਾਅ ’ਤੇ ਪੰਜਾਬ ਸਰਕਾਰ ਨੂੰ ਵੇਚ ਕੇ ਧੋਖਾਧੜੀ ਕਰ ਰਹੇ ਹਨ, ਜਿਨ੍ਹਾਂ ਕੋਲ ਚੌਲ ਵੇਚਣ ਸਬੰਧੀ ਵੀ ਸਰਕਾਰ ਦੀ ਕੋਈ ਮਨਜ਼ੂਰੀ ਨਹੀਂ ਹੈ।

ਉਸ ਸਮੇਂ ਚੌਲਾਂ ਨਾਲ ਭਰੇ ਟਰੱਕ ਧਨੀਰਾਮ ਬਾਜ਼ਾਰ ’ਚ ਖੜ੍ਹੇ ਕੀਤੇ ਗਏ ਸਨ ਤਾਂ ਜੋ ਹਨੇਰੇ ਦਾ ਫਾਇਦਾ ਉਠਾ ਕੇ ਰਾਤ ਸਮੇਂ ਇਕ ਸੈਲਰ ’ਚ ਟਰੱਕਾਂ ਨੂੰ ਉਤਾਰਿਆ ਜਾ ਸਕੇ। ਪੁਲਸ ਪਾਰਟੀ ਵੱਲੋਂ ਰੇਡ ਕਰਨ ’ਤੇ ਜਾਂਚ ਦੌਰਾਨ ਟਰੱਕ ਡਰਾਈਵਰ ਕੋਈ ਬਿੱਲ-ਬਿਲਟੀ ਨਹੀਂ ਦਿਖਾ ਸਕੇ, ਜਿਸ ’ਤੇ ਸਿਟੀ ਪੁਲਸ ਨੇ ਭਾਰਤੀ ਨਿਆ ਸੰਹਿਤਾ ਦੀ ਧਾਰਾ 318 (4) ਤਹਿਤ ਦੋਵਾਂ ਟਰੱਕ-ਟਰਾਲਿਆਂ ਅਤੇ ਡਰਾਈਵਰਾਂ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਅਤੇ ਸੈਲਰ ਦੇ ਅਣਪਛਾਤੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ।

ਵਰਣਨਯੋਗ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਇਸ ਮਾਮਲੇ ’ਚ ਜਾਂਚ-ਪੜਤਾਲ ਕਰਨ ਅਤੇ ਪੈਨਲਟੀ ਲਗਾਉਣ ਵਾਲੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨਿਖਿਲ ਵਾਲੀਆ ਅਤੇ ਮਾਰਕੀਟ ਕਮੇਟੀ ਦੇ ਡੀ. ਐੱਮ. ਓ. ਅਸਲਮ ਮੁਹੰਮਦ ਨੇ ਇਸ ਮਾਮਲੇ ਸਬੰਧੀ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ।

Read More : ‘ਆਪ’ ਸਰਕਾਰ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੇਗੀ : ਕੁਲਦੀਪ ਧਾਲੀਵਾਲ

Leave a Reply

Your email address will not be published. Required fields are marked *