Police-arrests

ਅੱਧਾ ਕਿੱਲੋ ਹੈਰੋਇਨ ਅਤੇ ਡਰੋਨ ਸਣੇ 2 ਸਮੱਗਲਰ ਕਾਬੂ

ਪਾਕਿਸਤਾਨੀ ਸਮੱਗਲਰਾਂ ਤੋਂ ਡਰੋਨ ਰਾਹੀਂ ਮੰਗਵਾਈ ਸੀ ਖੇਪ; ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ

ਫਿਰੋਜ਼ਪੁਰ, 12 ਅਪ੍ਰੈਲ : ਸੀ. ਆਈ. ਏ. (CIA) ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਕਥਿਤ ਸਮੱਗਲਰਾਂ ਨੂੰ ਹੈਰੋਇਨ ਅਤੇ ਡਰੋਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਗੁਰਦੇਵ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ 540 ਗ੍ਰਾਮ ਹੈਰੋਇਨ, ਇੱਕ ਡਰੋਨ ਅਤੇ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ।

ਡੀ. ਐੱਸ. ਪੀ. ਡਿਟੈਕਟਿਵ ਬਰਜਿੰਦਰ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਕਰਮਜੀਤ ਸਿੰਘ ਉਰਫ਼ ਕੋਰੀ ਅਤੇ ਸੋਨਾ ਸਿੰਘ ਉਰਫ਼ ਸੋਨੂੰ (ਵਾਸੀ ਪਿੰਡ ਚਾਂਦੀਵਾਲਾ) ਹੈਰੋਇਨ ਦੀ ਸਮੱਗਲਿੰਗ ਦਾ ਧੰਦਾ ਕਰਦੇ ਹਨ। ਸੂਚਨਾ ਮੁਤਾਬਕ ਇਨ੍ਹਾਂ ਨੇ ਡਰੋਨ ਰਾਹੀਂ ਪਾਕਿਸਤਾਨੀ ਸਮੱਗਲਰਾਂ ਤੋਂ ਨਸ਼ੇ ਦੀ ਖੇਪ ਮੰਗਵਾਈ ਸੀ।

ਪੁਲਸ ਨੇ ਬਿਨਾਂ ਦੇਰੀ ਕੀਤੇ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਬਰਾਮਦ ਹੋਈ 540 ਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਸਪਲਾਈ ਦੀ ਪੂਰੀ ਚੇਨ ਦਾ ਪਤਾ ਲਗਾਇਆ ਜਾ ਸਕੇ।

Read More : ਮੱਧ ਪ੍ਰਦੇਸ਼ ’ਚ ਟਰੱਕ ਨੇ ਸੜਕ ਕੰਢੇ ਖੜ੍ਹੇ ਲੋਕਾਂ ਨੂੰ ਦਰੜਿਆ, 5 ਦੀ ਮੌਤ

Leave a Reply

Your email address will not be published. Required fields are marked *