ਤਰਨਤਾਰਨ, 25 ਨਵੰਬਰ : ਬੀਤੇ ਸਮੇਂ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿਚ ਵਿਘਨ ਪਾਉਣ ਤੇ ਪੁਲਸ ਕਰਮਚਾਰੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਜਿੱਥੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਕੰਚਨਪ੍ਰੀਤ ਕੌਰ ਸਮੇਤ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਸਣੇ 25 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ, ਉਸੇ ਤਹਿਤ ਗ੍ਰਿਫਤਾਰ ਕੀਤੇ ਨਛੱਤਰ ਸਿੰਘ ਗਿੱਲ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ।
ਇਸ ਕਾਰਵਾਈ ਦੌਰਾਨ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਸਹੀ ਢੰਗ ਨਾਲ ਜਵਾਬ ਨਾ ਦੇਣ ਕਾਰਨ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਜ਼ਿਲੇ ਦੇ ਦੋ ਡੀ.ਐੱਸ.ਪੀ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਡੀ.ਐੱਸ.ਪੀ. ਡੀ., ਡੀ.ਐੱਸ.ਪੀ. ਪੀ.ਬੀ.ਆਈ. ਤੋਂ ਇਲਾਵਾ ਕਪੂਰਥਲਾ ਜੇਲ ਦੇ ਸੁਪਰਡੈਂਟ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਹੋਈ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਤੇ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਦਾ ਇਕ ਪੁਲਸ ਕਰਮਚਾਰੀ ਨਾਲ ਹੋਈ ਬਹਿਸ ਦਾ ਮਾਮਲਾ ਕਾਫੀ ਸੁਰਖੀਆਂ ਵਿਚ ਰਹਿ ਚੁੱਕਾ ਹੈ, ਜਿਸ ਦੇ ਸਬੰਧ ਵਿਚ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਕੰਚਨਪ੍ਰੀਤ ਕੌਰ ਤੇ ਨਛੱਤਰ ਸਿੰਘ ਗਿੱਲ ਸਮੇਤ 25 ਵਿਅਕਤੀਆਂ ਖਿਲਾਫ ਪਰਚਾ ਵੀ ਦਰਜ ਕਰ ਲਿਆ ਗਿਆ ਸੀ।
ਇਸ ਦੌਰਾਨ ਨਛੱਤਰ ਸਿੰਘ ਗਿੱਲ ਤੇ ਉਸ ਦੇ ਦੋ ਸਾਥੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਦੇ ਮਾਣਯੋਗ ਅਦਾਲਤ ਦੇ ਹੁਕਮਾਂ ਉੱਪਰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਗ੍ਰਿਫਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ ਸਨ, ਉੱਥੇ ਭਾਰਤੀ ਚੋਣ ਕਮਿਸ਼ਨ ਨੂੰ ਲਿਖਤੀ ਰੂਪ ’ਚ ਪੁਲਸ ਦੀ ਧੱਕੇਸ਼ਾਹੀ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਇਸ ਸਬੰਧੀ ਮਾਣਯੋਗ ਅਦਾਲਤ ਵੱਲੋਂ ਨਛੱਤਰ ਸਿੰਘ ਗਿੱਲ ਤੇ ਉਸ ਦੇ ਦੋਵਾਂ ਸਾਥੀਆਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਇਸ ਗ੍ਰਿਫਤਾਰੀ ਦੇ ਸੰਬੰਧ ਵਿਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਦੀ ਸੁਣਵਾਈ ਕਰਦੇ ਬੀਤੇ ਦਿਨੀ ਮਾਣਯੋਗ ਹਾਈਕੋਰਟ ਵੱਲੋਂ ਨਛੱਤਰ ਸਿੰਘ ਗਿੱਲ ਨੂੰ ਜ਼ਮਾਨਤ ਦੇ ਦਿੱਤੀ ਗਈ।
ਇਹ ਜ਼ਮਾਨਤ ਮਿਲਣ ਤੋਂ ਬਾਅਦ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਜ਼ਿਲਾ ਤਰਨਤਾਰਨ ਦੇ ਡੀ.ਐੱਸ.ਪੀ. ਡਿਟੈਕਟਿਵ ਹਰਿੰਦਰ ਸਿੰਘ ਤੇ ਡੀ.ਐੱਸ.ਪੀ. ਪੀ.ਬੀ.ਆਈ. ਗੁਲਜਾਰ ਸਿੰਘ ਨੂੰ ਮਾਣਯੋਗ ਹਾਈਕੋਰਟ ਵਿਚ ਤਸੱਲੀ ਬਖਸ਼ ਜਵਾਬ ਪੇਸ਼ ਨਾ ਕਰਨ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਉੱਪਰ ਨਿਆਇਕ ਹਿਰਾਸਤ ਵਿਚ ਕਪੂਰਥਲਾ ਜੇਲ ਅੰਦਰ ਬੰਦ ਨਛੱਤਰ ਸਿੰਘ ਗਿੱਲ ਨੂੰ ਰਿਹਾਅ ਕਰਨ ਦੇ ਮਾਮਲੇ ਵਿਚ ਵੀ ਜੇਲ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਤਿੰਨ ਜੀਓ ਰੈਂਕ ਦੇ ਅਧਿਕਾਰੀਆਂ ’ਤੇ ਗਾਜ਼ ਡਿੱਗਣ ਨਾਲ ਪੁਲਸ ਵਿਭਾਗ ਵਿਚ ਕਾਫੀ ਜ਼ਿਆਦਾ ਹਲਚਲ ਮਚੀ ਹੋਈ ਨਜ਼ਰ ਆ ਰਹੀ ਹੈ।
Read More : ਕਾਂਗਰਸੀ ਆਗੂ ਲਾਲ ਸਿੰਘ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ
