ਸੜਕ ‘ਤੇ ਪਲਟੀ ਹੋਈ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ
ਫਤਿਹਗੜ੍ਹ ਚੂੜੀਆਂ , 23 ਜੂਨ : ਜ਼ਿਲਾ ਗੁਰਦਾਸਪੁਰ ਵਿਚ ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਹਾਈਵੇਅ ‘ਤੇ ਪਿੰਡ ਨਿਕੋਸਰਾ ਨੇੜੇ ਸੜਕ ਹਾਦਸੇ ਵਿਚ 2 ਨਾਬਾਲਿਗਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ 15 ਸਾਲਾ ਮਨਜੋਤ ਸਿੰਘ ਪੁ੍ੱਤਰ ਰਣਜੀਤ ਸਿੰਘ ਅਤੇ 14 ਸਾਲਾ ਸ਼ੁਭਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਚੱਕ ਮਹਿਮਾ ਦੇ ਵਸਨੀਕ ਹਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਟਰੈਕਟਰ-ਟਰਾਲੀ ਚਾਲਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਦੋਵੇਂ ਮੁੰਡੇ ਚੰਗੇ ਦੋਸਤ ਸਨ ਅਤੇ ਰਾਤ 9 ਵਜੇ ਦੇ ਕਰੀਬ ਪੈਟਰੋਲ ਲੈਣ ਲਈ ਨਿਕੋਸਰਾ ਪਿੰਡ ਦੇ ਪੈਟਰੋਲ ਪੰਪ ‘ਤੇ ਜਾ ਰਹੇ ਸਨ। ਇਸ ਦੌਰਾਨ ਡੇਰਾ ਬਾਬਾ ਨਾਨਕ ਰੋਡ ‘ਤੇ ਪਹੁੰਚਦੇ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਦੀ ਤੂੜੀ ਨਾਲ ਭਰੀ ਸੜਕ ‘ਤੇ ਪਲਟੀ ਹੋਈ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦਾ ਦੋਸ ਹੈ ਕਿ ਹਾਦਸੇ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ। ਉਨ੍ਹਾਂ ਕਿਹਾ ਕਿ ਤੂੜੀ ਨਾਲ ਭਰੀ ਟਰਾਲੀ ਪਹਿਲਾਂ ਹੀ ਸੜਕ ‘ਤੇ ਪਲਟ ਗਈ ਸੀ ਪਰ ਇਸਨੂੰ ਸਮੇਂ ਸਿਰ ਨਹੀਂ ਹਟਾਇਆ ਗਿਆ। ਜੇਕਰ ਪ੍ਰਸ਼ਾਸਨ ਜਾਂ ਜ਼ਿੰਮੇਵਾਰ ਲੋਕ ਸੜਕ ਸਾਫ਼ ਕਰਵਾਉਂਦੇ ਤਾਂ ਇਹ ਹਾਦਸਾ ਟਲ ਸਕਦਾ ਸੀ। ਪਰਿਵਾਰ ਨੇ ਟਰਾਲੀ ਚਾਲਕ ਦੀ ਲਾਪਰਵਾਹੀ ਨੂੰ ਹਾਦਸੇ ਦਾ ਵੱਡਾ ਕਾਰਨ ਮੰਨਿਆ ਹੈ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾ ਬਾਬਾ ਨਾਨਕ ਥਾਣੇ ਦੇ ਐਸ. ਐਚ. ਓ. ਸਤਪਾਲ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਟਰੈਕਟਰ ਟਰਾਲੀ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
Read More : ਪੰਜਾਬ ਵਿਚ ਦਾਖ਼ਲ ਹੋਇਆ ਮਾਨਸੂਨ