ਬਰਨਾਲਾ, 23 ਅਗਸਤ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ਪੁਲਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 5 ਕਿਲੋ ਅਫੀਮ ਸਮੇਤ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ।
ਸੀਨੀਅਰ ਕਪਤਾਨ ਪੁਲਸ, ਬਰਨਾਲਾ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐੱਸ. ਨੇ ਦੱਸਿਆ ਕਿ ਐੱਸ. ਪੀ. ਡੀ. ਅਸ਼ੋਕ ਕੁਮਾਰ ਸ਼ਰਮਾ ਅਤੇ ਡੀ. ਐੱਸ. ਪੀ. ਡੀ. ਰਾਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ 21/08/2025 ਨੂੰ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੂੰ ਗੁਪਤ ਸੂਚਨਾ ਮਿਲੀ। ਸੂਚਨਾ ਅਨੁਸਾਰ ਗਗਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੱਟੂ ਰੋਡ, ਉੱਪਲੀ ਅਤੇ ਸੁਮਿਤ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਕੇ. ਵੀ. ਕੰਪਲੈਕਸ ਦੀ ਬੈਕ ਸਾਈਡ, ਬਰਨਾਲਾ, ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਬਰਨਾਲਾ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ’ਚ ਵੇਚਣ ਦਾ ਕੰਮ ਕਰਦੇ ਹਨ।
ਇਤਲਾਹ ਮਿਲੀ ਕਿ ਉਹ ਦੋਵੇਂ ਆਪਣੀ ਸਵਿਫਟ ਕਾਰ ’ਚ ਅਫੀਮ ਰੱਖ ਕੇ ਬਰਨਾਲਾ ਅਤੇ ਆਸ-ਪਾਸ ਦੇ ਪਿੰਡਾਂ ’ਚ ਵੇਚਣ ਦੀ ਤਾਕ ਵਿਚ ਹਨ। ਇਸ ਸੂਚਨਾ ਦੇ ਆਧਾਰ ’ਤੇ ਮੁਕੱਦਮਾ ਨੰਬਰ 128 ਮਿਤੀ 21-08-2025 ਨੂੰ ਥਾਣਾ ਬਰਨਾਲਾ ਵਿਖੇ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ, ਇੰਸਪੈਕਟਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਨੇ ਪੁਲਸ ਪਾਰਟੀ ਸਮੇਤ ਦੋਸ਼ੀ ਗਗਨਦੀਪ ਸਿੰਘ ਅਤੇ ਸੁਮਿਤ ਕੁਮਾਰ ਨੂੰ ਲਿੰਕ ਰੋਡ, ਫਰਵਾਹੀ ਤੋਂ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ’ਚੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ। ਦੋਸ਼ੀ ਸੁਮਿਤ ਕੁਮਾਰ ਦੀ ਨਿਸ਼ਾਨਦੇਹੀ ’ਤੇ 3 ਕਿਲੋ ਅਫੀਮ ਹੋਰ ਬਰਾਮਦ ਕੀਤੀ ਗਈ। ਇਸ ਤਰ੍ਹਾਂ ਇਸ ਮਾਮਲੇ ’ਚ ਕੁੱਲ 5 ਕਿਲੋ ਅਫੀਮ ਅਤੇ ਇਕ ਸਵਿਫਟ ਕਾਰ ਬਰਾਮਦ ਹੋਈ।
ਦੋਸ਼ੀ ਗਗਨਦੀਪ ਸਿੰਘ ਉਰਫ ਗਗਨ ਪਿੰਡ ਉੱਪਲੀ, ਥਾਣਾ ਧਨੌਲਾ ਵਿਖੇ ਆਰ. ਐੱਮ. ਪੀ. ਡਾਕਟਰ ਵਜੋਂ ਕੰਮ ਕਰਦਾ ਹੈ। ਦੂਜਾ ਦੋਸ਼ੀ ਸੁਮਿਤ ਕੁਮਾਰ, ਹੰਡਿਆਇਆ ਬਾਜ਼ਾਰ, ਬਰਨਾਲਾ ਵਿਖੇ ਮੋਬਾਈਲ ਫੋਨਾਂ ਦੇ ਸਪੇਅਰ ਪਾਰਟਸ ਦੀ ਦੁਕਾਨ ਚਲਾਉਂਦਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Read More : ਪੰਜਾਬ ਵਿਚ ਕੁੱਟ-ਕੁੱਟ ਕੇ ਮਾਰਿਆ ਜ਼ਿੰਬਾਬਵੇ ਦਾ ਵਿਦਿਆਰਥੀ