ਮਾਨਸਾ, 18 ਅਕਤੂਬਰ : ਜ਼ਿਲਾ ਮਾਨਸਾ ਦੇ ਕਸਬਾ ਝੁਨੀਰ ਵਿਖੇ ਸਵੇਰ ਸਮੇਂ ਐਕਟਿਵਾ ’ਤੇ ਆਪਣੇ ਪਿਤਾ ਨਾਲ ਸਕੂਲ ਜਾਂਦੀਆਂ 2 ਸਕੀਆਂ ਭੈਣਾਂ ਦੀ ਸਰਕਾਰੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਬੱਸ ਸਵੇਰੇ ਲੁਧਿਆਣਾ ਤੋਂ ਸਿਰਸਾ ਜਾ ਰਹੀ ਸੀ। ਬੱਚੀਆਂ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਦਰੜੀਆਂ ਗਈਆਂ।
ਜਾਣਕਾਰੀ ਅਨੁਸਾਰ ਝੁਨੀਰ-ਲਾਲਿਆਂਵਾਲੀ ਢਾਣੀ ਬਸਤੀ ਦੀਆਂ ਦੋ ਭੈਣਾਂ ਸੋਨੂੰ ਕੌਰ (12) ਤੇ ਮੀਨਾ ਕੌਰ (7) ਸਵੇਰੇ ਐਕਟਿਵਾ ’ਤੇ ਆਪਣੇ ਪਿਤਾ ਸ਼ਿੰਦਰ ਸਿੰਘ ਨਾਲ ਝੁਨੀਰ ਸਕੂਲ ਆ ਰਹੀਆਂ ਸਨ ਕਿ ਮੇਨ ਸੜਕ ’ਤੇ ਮਾਨਸਾ ਤੋਂ ਸਿਰਸਾ ਜਾਂਦੀ ਬੱਸ ਦੀ ਲਪੇਟ ’ਚ ਉਨ੍ਹਾਂ ਦੀ ਸਕੂਟਰੀ ਆ ਗਈ, ਜਿਸ ਕਾਰਨ ਦੋਵੇਂ ਭੈਣਾਂ ਦਰੜੀਆਂ ਗਈਆਂ। ਇਸ ਹਾਦਸੇ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਪਿਤਾ ਦੇ ਮਾਮੂਲੀ ਸੱਟਾਂ ਲੱਗੀਆਂ। ਬੱਚੀਆਂ ਝੁਨੀਰ ਦੇ ਸਰਕਾਰੀ ਸਕੂਲ ’ਚ ਤੀਜੀ ਤੇ ਸੱਤਵੀਂ ਕਲਾਸ ’ਚ ਪੜਦੀਆਂ ਸਨ।
ਥਾਣਾ ਝੁਨੀਰ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀ.ਆਰ.ਟੀ. ਸੀ. ਦੀ ਬੱਸ ਨੂੰ ਕਬਜ਼ੇ ’ਚ ਲੈ ਕੇ ਡਰਾਈਵਰ ਰਣਜੀਤ ਸਿੰਘ ਪੁੱਤਰ ਕੌਰ ਸਿੰਘ ਵਾਸੀ ਉੱਭਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਬੱਚੀਆਂ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ਾਂ ਸਰਦੂਲਗੜ੍ਹ ਹਸਪਤਾਲ ਭੇਜੀਆਂ ਗਈਆਂ ਹਨ।
Read More : ਪੰਜਾਬ ਸਰਕਾਰ ਵੱਲੋਂ ਗਠਿਤ ਸੈਕਟਰ ਵਿਸ਼ੇਸ਼ ਕਮੇਟੀ ਦੀ ਪਲੇਠੀ ਮੀਟਿੰਗ