ਤਪਾ ਮੰਡੀ, 18 ਨਵੰਬਰ : ਤਪਾ-ਆਲੀਕੇ ਰੋਡ ’ਤੇ ਵਾਪਰੇ ਹਾਦਸੇ ’ਚ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ ’ਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 2 ਜਣੇ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਰਿਟਜ਼ ਕਾਰ ਜੋ ਭਦੌੜ ਤੋਂ ਤਪਾ ਵੱਲ ਆ ਰਹੀ ਸੀ, ਜਿਸ ’ਚ ਰੋਹਿਤ ਕੁਮਾਰ ਰਾਜਸਥਾਨੀ ਅਤੇ ਰਮਨਦੀਪ ਸਿੰਘ ਪੰਚ ਵਾਸੀ ਨੈਣੇਵਾਲ ਸੀ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਵਰਨਾ ਕਾਰ, ਜਿਸ ’ਚ ਸੁਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਰੂੜੇਕੇ ਕਲਾਂ ਤਪਾ ਤੋਂ ਆਲੀਕੇ ਵੱਲ ਜਾ ਰਹੀ ਸੀ ਦੀ ਆਪਸ ’ਚ ਹੋਈ ਟੱਕਰ ਤੋਂ ਬਾਅਦ ਰਿਟਜ਼ ਕਾਰ ਦਰੱਖਤ ਨਾਲ ਟਕਰਾ ਕੇ ਖੇਤਾਂ ’ਚ ਜਾ ਪਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਕਾਰਾਂ ਦੇ ਪਰਖੱਚੇ ਦੂਰ ਤੱਕ ਖਿੱਲਰ ਗਏ ਅਤੇ ਰਿਟਜ਼ ਕਾਰ ’ਚ ਸਵਾਰ ਰੋਹਿਤ ਕੁਮਾਰ ਅਤੇ ਰਮਨਦੀਪ ਸਿੰਘ ਨੂੰ ਖੇਤਾਂ ’ਚ ਕੰਮ ਕਰਦੇ ਕਿਸਾਨਾਂ ਅਤੇ ਰਾਹਗੀਰਾਂ ਨੇ ਖੜਕਾ ਸੁਣ ਕੇ ਘਟਨਾ ਥਾਂ ’ਤੇ ਪਹੁੰਚ ਕੇ ਕਾਰ ’ਚ ਫਸੇ ਦੋਵੇਂ ਨੌਜਵਾਨਾਂ ਨੂੰ ਬਾਹਰ ਕੱਢਿਆ।
ਘਟਨਾ ਦਾ ਪਤਾ ਲੱਗਦੇ ਹੀ ਡੀ. ਐੱਸ. ਪੀ. ਤਪਾ ਗੁਰਬਿੰਦਰ ਸਿੰਘ, ਥਾਣਾ ਮੁਖੀ ਸਰੀਫ ਖਾਂ, ਚੌਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ’ਚ ਪੁੱਜੀ ਭਾਰੀ ਪੁਲਸ ਪਾਰਟੀ ਨੇ ਪਹੁੰਚ ਕੇ ਤੁਰੰਤ ਮਿੰਨੀ ਸਹਾਰਾ ਕਲੱਬ ਦੀਆਂ ਐਂਬੂਲੈਸਾਂ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਪਾ ਪਹੁੰਚਾਇਆ ਗਿਆ, ਜਿਨ੍ਹਾਂ ’ਚੋਂ ਰੋਹਿਤ ਕੁਮਾਰ ਤੇ ਰਮਨਦੀਪ ਸਿੰਘ ਨੂੰ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਐਲਾਨ ਦਿੱਤਾ।
ਐੱਸ. ਐੱਚ. ਓ. ਤਪਾ ਸਰੀਫ ਖਾਂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਤਪਾ-ਆਲੀਕੇ ਰੋਡ ਦਰਾਜ ਚੌਰਾਹੇ ’ਚ ਨਾਕਾਬੰਦੀ ਦੌਰਾਨ ਵਰਨਾ ਕਾਰ ਜੋ ਤੇਜ਼ੀ ਨਾਲ ਨਿਕਲੀ ਹਾਦਸੇ ਦਾ ਸ਼ਿਕਾਰ ਹੋ ਗਈ ’ਚੋਂ 12-12 ਕਿਲੋ ਦੇ ਪੰਜ ਗੱਟੇ ਕੁੱਲ 60 ਕਿਲੋ ਚੂਰਾ ਪੋਸਤ ਬਰਾਮਦ ਹੋਈ ਹੈ।
ਇਸ ਦੌਰਾਨ ਜ਼ਖਮੀ ਹੋਏ ਦੋਸ਼ੀਆਂ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀਆਨ ਰੂੜੇਕੇ ਕਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਕਾਰ ’ਚ ਸਵਾਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡੀ. ਐੱਮ. ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ।
Read More : ਆਲਰਾਊਂਡਰ ਰੈਡੀ ਦੀ ਭਾਰਤੀ ਟੈਸਟ ਟੀਮ ‘ਚ ਵਾਪਸੀ
