ਹੱਟੀ ਭਾਈਚਾਰੇ ਦੀ ਪ੍ਰਾਚੀਨ ਪਰੰਪਰਾ ਨੂੰ ਕੀਤਾ ਮੁੜ ਸੁਰਜੀਤ
ਤਿੰਨ ਦਿਨ ਚੱਲਿਆ ਸਮਾਰੋਹ
ਸਿਰਮੌਰ, 19 ਜੁਲਾਈ : ਹਿਮਾਚਲ ਪ੍ਰਦੇਸ਼ ’ਚ ਦੋ ਸਕੇ ਭਰਾਵਾਂ ਨੇ ਕੁਝ ਕਰ ਦਿੱਤਾ, ਜਿਸਦੀ ਚਰਚਾ ਪੂਰੇ ਦੇਸ਼ ’ਚ ਹੋ ਰਹੀ ਹੈ। ਇਨ੍ਹਾਂ ਸਕੇ ਭਰਾਵਾਂ ਨੇ ਇਕੋ ਕੁੜੀ ਨਾਲ ਵਿਆਹ ਕੀਤਾ। ਇਹ ਗਿਰੀਪਰ ਖੇਤਰ ਦੀ ਇਕ ਪ੍ਰਾਚੀਨ ਪਰੰਪਰਾ ਹੈ, ਜੋ ਹੁਣ ਸਮੇਂ ਦੇ ਨਾਲ ਅਲੋਪ ਹੋ ਗਈ ਸੀ ਪਰ ਹੁਣ ਸ਼ਿਲਾਈ ਇਲਾਕੇ ’ਚ 2 ਸਕੇ ਭਰਾਵਾਂ ਨੇ ਇਕੋ ਕੁੜੀ ਨਾਲ ਵਿਆਹ ਕਰ ਕੇ ਇਸ ਪ੍ਰਾਚੀਨ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਹੈ।
ਹਿਮਾਚਲ ਪ੍ਰਦੇਸ਼ ਦੇ ਟ੍ਰਾਂਸ-ਗਿਰੀ ਖੇਤਰ ਵਿਚ ਪਿੰਡ ਸ਼ਿਲਾਈ ਜ਼ਿਲਾ ਸਿਰਮੌਰ ਦੇ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਨੇ ਹਾਲ ਹੀ ਵਿਚ ਨੇੜਲੇ ਕੁਨਹੱਟ ਪਿੰਡ ਦੀ ਸੁਨੀਤਾ ਚੌਹਾਨ ਨਾਲ ਵਿਆਹ ਕਰ ਕੇ ਹੱਟੀ ਭਾਈਚਾਰੇ ਦੀ ਸੱਭਿਆਚਾਰਕ ਵਿਰਾਸਤ ਵਿਚ ਰਚੀ-ਬਸੀ ਬਹੁ-ਪਤੀ ਪਰੰਪਰਾ ਦੀ ਰੀਤ ਨੂੰ ਖੁੱਲ੍ਹੇ ਤੌਰ ’ਤੇ ਮਨਾਇਆ।
ਇਹ ਸਮਾਗਮ ਪੂਰੇ ਪਰਿਵਾਰਕ ਸਹਿਮਤੀ ਅਤੇ ਸਮੂਹਕ ਭਾਗੀਦਾਰੀ ਨਾਲ ਹੋਇਆ, ਵੱਡੇ ਭਰਾ ਪ੍ਰਦੀਪ ਨੇਗੀ ਜਲ ਸ਼ਕਤੀ ਵਿਭਾਗ ਵਿਚ ਨੌਕਰੀ ਕਰਦੇ ਹਨ, ਜਦਕਿ ਛੋਟਾ ਭਰਾ ਕਪਿਲ ਵਿਦੇਸ਼ ਵਿਚ ਹੋਟਲ ਉਦਯੋਗ ਨਾਲ ਜੁੜਿਆ ਹੋਇਆ ਹੈ। ਦੋਵਾਂ ਭਰਾਵਾਂ ਨੇ ਇੱਕੋ ਜਿਹੀ ਭਾਗੀਦਾਰੀ ਅਤੇ ਸੰਕਲਪ ਨਾਲ ਵਿਆਹ ਦੇ ਸਾਰੇ ਰਸਮ-ਰਿਵਾਜ਼ ਨਿਭਾਏ।
ਪ੍ਰਦੀਪ ਨੇ ਕਿਹਾ ਕਿ ਇਹ ਸਾਡਾ ਸਾਂਝਾ ਫੈਸਲਾ ਸੀ, ਇਹ ਭਰੋਸੇ ਸੇਵਾ ਤੇ ਸਾਂਝੀ ਜ਼ਿੰਮੇਵਾਰੀ ਦਾ ਰਿਸ਼ਤਾ ਹੈ। ਅਸੀਂ ਆਪਣੀ ਰੀਤ ਖੁੱਲ੍ਹੀ ਤਰ੍ਹਾਂ ਨਿਭਾਈ, ਕਿਉਂਕਿ ਅਸੀਂ ਆਪਣੇ ਰੂੜੀਆਂ ’ਤੇ ਮਾਣ ਮਹਿਸੂਸ ਕਰਦੇ ਹਾਂ। ਕਪਿਲ ਨੇ ਕਿਹਾ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ’ਚ ਵਿਸ਼ਵਾਸ ਰੱਖਿਆ। ਭਾਵੇਂ ਮੈਂ ਵਿਦੇਸ਼ ਰਹਿੰਦਾ ਹਾਂ ਪਰ ਇਸ ਵਿਆਹ ਰਾਹੀਂ ਅਸੀਂ ਆਪਣੀ ਪਤਨੀ ਲਈ ਪਿਆਰ, ਸਥਿਰਤਾ ਅਤੇ ਸਹਿਯੋਗ ਦਾ ਇਕੱਠਾ ਪਰਿਵਾਰ ਬਣਾਇਆ ਹੈ।
ਸੁਨੀਤਾ ਨੇ ਦੱਸਿਆ ਕਿ ਇਹ ਮੇਰਾ ਆਪਣਾ ਫੈਸਲਾ ਸੀ, ਕਿਸੇ ਕਿਸਮ ਦਾ ਦਬਾਅ ਨਹੀਂ ਸੀ। ਮੈਨੂੰ ਇਹ ਰੀਤ ਪਤਾ ਸੀ ਅਤੇ ਮੈਂ ਇਸ ਨੂੰ ਆਪਣੇ ਮਨ ਨਾਲ ਚੁਣਿਆ। ਅਸੀਂ ਇਹ ਵਾਅਦਾ ਸਾਂਝਾ ਕੀਤਾ ਹੈ ਅਤੇ ਮੈਂ ਇਸ ਰਿਸ਼ਤੇ ’ਤੇ ਵਿਸ਼ਵਾਸ ਕਰਦੀ ਹਾਂ। ਅਜਿਹੇ ਵਿਆਹ ਟ੍ਰਾਂਸ-ਗਿਰੀ ਖੇਤਰ ਦੇ ਕਈ ਪਿੰਡਾਂ ਵਿਚ ਚੁੱਪਚਾਪ ਹੁੰਦੇ ਰਹਿੰਦੇ ਹਨ ਪਰ ਇਹ ਵਿਆਹ ਆਪਣੇ ਖੁੱਲ੍ਹੇ ਤਰੀਕੇ ਅਤੇ ਆਦਰਯੋਗ ਢੰਗ ਕਰ ਕੇ ਵੱਖਰਾ ਬਣ ਗਿਆ।
ਸ਼ਿਲਾਈ ਵਾਸੀ ਬਿਸ਼ਨ ਤੋਮਰ ਨੇ ਕਿਹਾ ਕਿ ਸਾਡੇ ਪਿੰਡ ’ਚ ਅਜਿਹੇ 30 ਤੋਂ ਵੱਧ ਪਰਿਵਾਰਾਂ ਦੀਆਂ ਉਦਾਹਰਨਾਂ ਹਨ, ਜਿੱਥੇ ਦੋ ਜਾਂ ਤਿੰਨ ਭਰਾ ਇਕ ਹੀ ਪਤਨੀ ਨਾਲ ਵਿਆਹੇ ਹੋਏ ਹਨ ਜਾਂ ਇਕ ਪਤੀ ਦੀਆਂ ਕਈ ਪਤਨੀਆਂ ਹਨ ਪਰ ਇਹ ਵਿਆਹ ਆਮ ਤੌਰ ’ਤੇ ਲੁਕ-ਛਿੱਪਕੇ ਹੋਏ ਹਨ। ਇਹ ਤਿੰਨ ਦਿਨ ਲੰਬਾ ਸਮਾਰੋਹ ਸੀ, ਜਿਸ ’ਚ ਸੈਂਕੜੇ ਪੇਂਡੂ ਅਤੇ ਨੇੜਲੇ ਪਿੰਡਾਂ ਤੋਂ ਰਿਸ਼ਤੇਦਾਰ ਸ਼ਾਮਲ ਹੋਏ।
ਉਨ੍ਹਾਂ ਨੂੰ ਟ੍ਰਾਂਸ-ਗਿਰੀ ਖੇਤਰ ਦੀ ਪਰੰਪਰਾਗਤ ਖਾਣ-ਪੀਣ ਨਾਲ ਮਹਿਮਾਨਦਾਰੀ ਦਿੱਤੀ ਗਈ। ਹੱਟੀ ਭਾਈਚਾਰੇ ਨੂੰ ਹਾਲ ਹੀ ਵਿਚ ਅਨੁਸੂਚਿਤ ਜਾਤੀ (Scheduled Tribe) ਦਾ ਦਰਜਾ ਮਿਲਿਆ ਹੈ।