ਡੀ.ਜੀ.ਪੀ. ਗੌਰਵ ਯਾਦਵ

ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ ਮੁੰਬਈ ਤੋਂ ਗ੍ਰਿਫ਼ਤਾਰ

ਗ੍ਰਿਫ਼ਤਾਰ ਅੱਤਵਾਦੀ ਰਿੰਦਾ ਤੇ ਹੈਪੀ ਪਾਸਿਆ ਦੇ ਅਹਿਮ ਸਾਥੀ ਸਨ : ਡੀ. ਜੀ. ਪੀ. ਗੌਰਵ ਯਾਦਵ

ਅੰਮ੍ਰਿਤਸਰ, 15 ਦਸੰਬਰ : ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ 2 ਵਿਅਕਤੀਆਂ ਨੂੰ ਮੁੰਬਈ ਪਹੁੰਚਣ ’ਤੇ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸਾਜਨ ਮਸੀਹ ਵਾਸੀ ਵੇਰੋਕੇ ਗੁਰਦਾਸਪੁਰ ਤੇ ਸੁਖਦੇਵ ਕੁਮਾਰ ਉਰਫ਼ ਮੁਨੀਸ਼ ਬੇਦੀ ਵਾਸੀ ਲਾਹੌਰੀ ਗੇਟ ਅੰਮ੍ਰਿਤਸਰ ਵਜੋਂ ਹੋਈ ਹੈ।

ਦੋਵੇਂ ਵੱਡੇ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਹਨ ਤੇ ਉਨ੍ਹਾਂ ਵਿਰੁੱਧ ਬਟਾਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ’ਚ ਕਤਲ, ਇਰਾਦਾ ਕਤਲ, ਹਥਿਆਰਾਂ ਤੇ ਵਿਸਫੋਟਕ ਪਦਾਰਥਾਂ ਨਾਲ ਸਬੰਧਤ ਤੇ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ (ਯੂ. ਏ. ਪੀ. ਏ.) ਤਹਿਤ ਕਈ ਮਾਮਲੇ ਦਰਜ ਹਨ।

ਦੋਵੇਂ ਮੁਲਜ਼ਮ ਪਾਕਿਸਤਾਨ ਆਧਾਰਤ ਆਈ.ਐੱਸ.ਆਈ. ਸਮਰਥਿਤ ਹਰਵਿੰਦਰ ਸਿੰਘ ਉਰਫ਼ ਰਿੰਦਾ ਤੇ ਅਮਰੀਕਾ ਆਧਾਰਤ ਬੀ.ਕੇ.ਆਈ. ਆਪ੍ਰੇਟਿਵ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ (ਹਿਰਾਸਤ ’ਚ) ਦੇ ਅਹਿਮ ਸਾਥੀ ਸਨ। ਇਹ ਮੁਲਜ਼ਮ ਦੁਬਈ ਅਤੇ ਅਰਮੀਨੀਆ ਸਮੇਤ ਵਿਦੇਸ਼ੀ ਥਾਵਾਂ ਤੋਂ ਕੰਮ ਕਰ ਰਹੇ ਸਨ ਤੇ ਪੰਜਾਬ ’ਚ ਅਪਰਾਧਿਕ ਤੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਜਣੇ ਬੀ. ਕੇ. ਆਈ. ਨਾਲ ਜੁੜੇ ਇਕ ਨੈੱਟਵਰਕ ਦਾ ਹਿੱਸਾ ਸਨ, ਜੋ ਅੰਮ੍ਰਿਤਸਰ ਤੇ ਬਟਾਲਾ ਦੇ ਕਈ ਥਾਣਿਆਂ ’ਤੇ ਗ੍ਰੇਨੇਡ ਹਮਲਿਆਂ ਤੇ ਜੌੜੀਆਂ ਕਲਾਂ ਦੇ ਹਰਦੀਪ ਸਿੰਘ ਤੇ ਡੇਰਾ ਬਾਬਾ ਨਾਨਕ ਦੇ ਕਰਿਆਨਾ ਸਟੋਰ ਦੇ ਮਾਲਕ ਰਵੀ ਕੁਮਾਰ ਦੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਸਨ। ਸਾਜਨ ਮਸੀਹ ਇਕ ਹੋਰ ਮੁੱਖ ਸਹਿਯੋਗੀ ਸ਼ਮਸ਼ੇਰ ਸ਼ੇਰਾ ਉਰਫ਼ ਹਨੀ ਦੇ ਵੀ ਸੰਪਰਕ ’ਚ ਸੀ, ਜੋ ਇਸ ਸਮੇਂ ਅਰਮੀਨੀਆ ’ਚ ਰਹਿ ਰਿਹਾ ਹੈ।

ਏ.ਆਈ.ਜੀ. ਐੱਸ. ਐੱਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਸਦਕਾ ਪ੍ਰਾਪਤ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਇਕ ਸਾਂਝੀ ਟੀਮ ਤੁਰੰਤ ਮੁੰਬਈ ਰਵਾਨਾ ਹੋਈ ਤੇ ਜਿਵੇਂ ਹੀ ਦੋਵੇਂ ਅਪਰਾਧੀ ਮੁੰਬਈ ਪਹੁੰਚੇ, ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਦੋਵੇਂ ਵਿਅਕਤੀ ਪੰਜਾਬ ’ਚ ਆਪਣੇ ਪਿਆਦੀਆਂ ਨੂੰ ਲੌਜਿਸਟਿਕਲ ਸਹਾਇਤਾ, ਫੰਡਿੰਗ ਦੇ ਢੰਗ-ਤਰੀਕੇ ਤੇ ਰਣਨੀਤਕ ਦਿਸ਼ਾ ਪ੍ਰਦਾਨ ਕਰ ਰਹੇ ਸਨ।

ਦੋਵਾਂ ਮੁਲਜ਼ਮਾਂ ਨੂੰ ਥਾਣਾ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਦੀ ਧਾਰਾ 25, 29 ਤੇ 30 ਅਤੇ ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 61(2) ਤਹਿਤ ਦਰਜ ਐੱਫ.ਆਈ.ਆਰ. ਨੰਬਰ 47 ਮਿਤੀ 25-08-2025 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

Read More : ਸਰਕਾਰ ਵੱਲੋਂ ਆਈਆਈਟੀ ਰੋਪੜ ਦੇ ਸਹਿਯੋਗ ਨਾਲ ਮਹੱਤਵਪੂਰਨ ਜਲ ਅਧਿਐਨ ਲਈ 1.61 ਕਰੋੜ ਦੀ ਪ੍ਰਵਾਨਗੀ : ਚੀਮਾ

Leave a Reply

Your email address will not be published. Required fields are marked *