ਹਥਿਆਰਾਂ ਦੀ ਇਹ ਖੇਪ ਇਕ ਵਿਦੇਸ਼ੀ ਏਜੰਸੀ ਦੁਆਰਾ ਪਾਕਿਸਤਾਨ ਤੋਂ ਖਰੀਦੀ ਗਈ : ਡੀਜੀਪੀ ਗੌਰਵ ਯਾਦਵ
ਫਿਰੋਜ਼ਪੁਰ, 11 ਸਤੰਬਰ : ਕਾਊਂਟਰ ਇੰਟੈਲੀਜੈਂਸ (ਸੀ. ਆਈ.) ਫਿਰੋਜ਼ਪੁਰ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਫਾਜ਼ਿਲਕਾ ਦੇ ਸਹਿਯੋਗ ਨਾਲ ਇਕ ਸਾਂਝੇ ਆਪ੍ਰੇਸ਼ਨ ’ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਸਰਹੱਦ ਪਾਰ ਚੱਲ ਰਹੇ ਸੰਗਠਿਤ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕੀਤਾ, ਜਿਸ ’ਚ 2 ਹਥਿਆਰ ਸਪਲਾਇਰਾਂ ਨੂੰ 27 ਆਧੁਨਿਕ 30 ਬੋਰ ਪਿਸਤੌਲਾਂ ਅਤੇ 470 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮੰਗਲ ਸਿੰਘ ਉਰਫ਼ ਮੰਗਲੀ ਵਾਸੀ ਤੇਜਾ ਰਹੇਲਾ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਮੁਹਾਰ ਜਮਸ਼ੇਰ ਫਾਜ਼ਿਲਕਾ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਦੀ ਇਹ ਵੱਡੀ ਖੇਪ ਪਾਕਿਸਤਾਨ ਤੋਂ ਇਕ ਵਿਦੇਸ਼ੀ ਸੰਸਥਾ ਰਾਹੀਂ ਪ੍ਰਾਪਤ ਕੀਤੀ ਗਈ ਸੀ ਅਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ’ਚ ਅਪਰਾਧਿਕ ਗਿਰੋਹਾਂ ਵੱਲੋਂ ਕੀਤੀ ਜਾਣੀ ਸੀ।
ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਡਿਊਲ ’ਚ ਸ਼ਾਮਲ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਸਮੱਗਲਿੰਗ ਕੀਤੇ ਗਏ ਹਥਿਆਰਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਸੀ. ਆਈ. ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦਿਆਂ, ਸੀ. ਆਈ. ਫਿਰੋਜ਼ਪੁਰ ਅਤੇ ਐੱਸ. ਐੱਸ. ਓ. ਸੀ. ਫਾਜ਼ਿਲਕਾ ਦੀਆਂ ਪੁਲਸ ਟੀਮਾਂ ਨੇ ਇਹ ਸਾਂਝਾ ਆਪ੍ਰੇਸ਼ਨ ਕੀਤਾ ਸੀ ਅਤੇ ਇਸ ਕਾਰਵਾਈ ਦੌਰਾਨ, ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਮੁਹਾਰ ਜਮਸ਼ੇਰ ਤੋਂ 2 ਸ਼ੱਕੀ ਵਿਅਕਤੀਆਂ ਨੂੰ 30 ਬੋਰ ਦੇ 27 ਗੈਰ-ਕਾਨੂੰਨੀ ਹਥਿਆਰਾਂ ਅਤੇ 470 ਜ਼ਿੰਦਾ ਕਾਰਤੂਸਾਂ ਦੇ ਵੱਡੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਏ. ਆਈ. ਜੀ. ਨੇ ਅੱਗੇ ਕਿਹਾ ਕਿ ਵਿਦੇਸ਼ੀ ਸੰਸਥਾ ਦੀ ਪਛਾਣ, ਭੂਮਿਕਾ ਅਤੇ ਵਿਆਪਕ ਨੈੱਟਵਰਕ ਦਾ ਪਤਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪੁਲਸ ਸਟੇਸ਼ਨ ਐੱਸ. ਐੱਸ. ਓ. ਸੀ. ਫਾਜ਼ਿਲਕਾ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
Read More : ਟਾਂਗਰੀ ਅਤੇ ਮਾਰਕੰਡਾ ਖਤਰੇ ਦੇ ਨਿਸ਼ਾਨ ਤੋਂ ਪਾਰ ; ਅਧਿਕਾਰੀ ਪ੍ਰੇਸ਼ਾਨ