ਪਤੀ-ਪਤਨੀ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਕੀਤੀ ਹੱਤਿਆ
ਮਰਦਾਨ, 16 ਜੂਨ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਮਰਦਾਨ ਜ਼ਿਲ੍ਹੇ ਦੇ ਮੌਲਾਨਾ ਕਾਲੀ ਫਾਤਮਾ ਇਲਾਕੇ ’ਚ ਫੈਸਲਾਬਾਦ ਦੇ ਇਕ ਜੋੜੇ ਦੀ ਅਣਖ ਦੀ ਖਾਤਰ ਹੱਤਿਆ ਕਰ ਦਿੱਤੀ ਗਈ। ਇਹ ਕਤਲ 18 ਸਾਲਾਂ ਦੇ ਪ੍ਰੇਮ ਵਿਆਹ ਤੋਂ ਬਾਅਦ ਲੜਕੀ ਵਾਲੇ ਪੱਖ ਵੱਲੋਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਮਜ਼ਹਰ ਇਕਬਾਲ ਵੱਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਅਨੁਸਾਰ ਉਸ ਦਾ 51 ਸਾਲਾ ਭਰਾ ਜ਼ਫ਼ਰ ਇਕਬਾਲ ਕਈ ਸਾਲਾਂ ਬਾਅਦ ਫੈਸਲਾਬਾਦ ਤੋਂ ਮਰਦਾਨ ਵਾਪਸ ਆਇਆ ਸੀ। ਜ਼ਫ਼ਰ ਇਕਬਾਲ ਦੇ ਨਾਲ ਉਸ ਦੀ ਪਤਨੀ ਫਰਜ਼ਾਨਾ ਉਰਫ਼ ਗੁਲ ਬੀਬੀ (40) ਵੀ ਸੀ। ਮਜ਼ਹਰ ਨੇ ਕਿਹਾ ਕਿ ਜੋੜਾ ਉਨ੍ਹਾਂ ਦੇ ਘਰ ’ਚ ਸੀ, ਜਦੋਂ ਸ਼ੱਕੀ ਉਨ੍ਹਾਂ ਦੇ ਘਰ ਵੜੇ ਅਤੇ ਉਸ ਦੇ ਭਰਾ ਅਤੇ ਭਰਜਾਈ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸ ਨੇ ਕਿਹਾ ਕਿ ਉਹ, ਉਸ ਦੀ ਪਤਨੀ ਅਤੇ ਬੱਚਿਆਂ ਸਮੇਤ ਹਮਲੇ ’ਚ ਵਾਲ-ਵਾਲ ਬਚ ਗਿਆ। ਉਸ ਨੇ ਸ਼ੱਕੀਆਂ ਦੇ ਨਾਮ ਸਰਬੁਲੰਦ, ਮੁਨੀਰ ਖਾਨ, ਅਸਦ ਸ਼ਾਹ ਅਤੇ ਇਮਰਾਨ ਦੱਸੇ, ਸਾਰੇ ਜਹਾਂਗੀਰਾ ਦੇ ਰਹਿਣ ਵਾਲੇ ਹਨ ਅਤੇ ਬਾਬੇਨਈ ਦੇ ਵਾਜਿਦ ਅਤੇ ਮੁਹੰਮਦ ਹੁਸੈਨ ਦੇ ਨਾਮ ਵੀ ਦੱਸੇ। ਐੱਫ. ਆਈ. ਆਰ. ਵਿਚ ਕਿਹਾ ਗਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਉਨ੍ਹਾਂ ਵਿਰੁੱਧ ਘੁਸਪੈਠ ਕਰਨ, ਉਸ ਦੇ ਪਰਿਵਾਰ ’ਤੇ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਉਸ ਦੇ ਭਰਾ ਅਤੇ ਭਰਜਾਈ ਨੂੰ ਮਾਰਨ ਦੇ ਦੋਸ਼ ’ਚ ਕੇਸ ਦਰਜ ਕਰਨ ਦੀ ਬੇਨਤੀ ਕੀਤੀ ਸੀ।
ਮਰਦਾਨ ਜ਼ਿਲ੍ਹਾ ਪੁਲਸ ਅਧਿਕਾਰੀ ਦੇ ਬੁਲਾਰੇ ਮੁਹੰਮਦ ਫਹੀਮ ਨੇ ਕਿਹਾ ਕਿ ਜੋੜੇ ਨੇ ਲਗਭਗ 18 ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕੀਤਾ ਸੀ।
ਉਸ ਨੇ ਕਿਹਾ ਕਿ ਉਹ ਆਦਮੀ ਕਈ ਸਾਲਾਂ ਬਾਅਦ ਫੈਸਲਾਬਾਦ ਤੋਂ ਮਰਦਾਨ ’ਚ ਆਪਣੇ ਭਰਾ ਦੇ ਘਰ ਵਾਪਸ ਆਇਆ ਸੀ। ਫਹੀਮ ਨੇ ਦਾਅਵਾ ਕੀਤਾ ਕਿ ਔਰਤ ਦੇ ਪਰਿਵਾਰ ਨੇ ਕਥਿਤ ਤੌਰ ’ਤੇ ਹਮਲਾ ਕੀਤਾ ਅਤੇ ਮੌਕੇ ਤੋਂ ਭੱਜ ਗਿਆ। ਹਾਲਾਂਕਿ ਉਸ ਨੇ ਕਿਹਾ ਕਿ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
Read More : ਕੇਂਦਰ ਸਰਕਾਰ ਜਲਦ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਦਾ ਐਲਾਨ ਕਰੇ : ਪ੍ਰੋ. ਚੰਦੂਮਾਜਰਾ