ਅੰਮ੍ਰਿਤਸਰ, 31 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵੱਲੋਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ‘ਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਜੱਥਾ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਵਾਰ ਵੀ ਸੰਗਤਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਮੇਟੀ ਦੇ ਮੁਤਾਬਕ ਲਗਭਗ 2000 ਪਾਸਪੋਰਟਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਹਾਲਾਂਕਿ ਸ਼ੁਰੂਆਤੀ ਪੜਾਅ ‘ਚ ਭਾਰਤ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜੱਥੇ ਦੇ ਜਾਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਫੈਸਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਰੋਸ ਪ੍ਰਗਟ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਅਤੇ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਮਿਲ ਗਈ।
ਕਮੇਟੀ ਦੇ ਅਨੁਸਾਰ 1802 ਪਾਸਪੋਰਟ ਪਾਕਿਸਤਾਨ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1794 ਪਾਸਪੋਰਟਾਂ ‘ਤੇ ਵੀਜ਼ੇ ਲੱਗ ਕੇ ਆ ਚੁੱਕੇ ਹਨ, ਜਦਕਿ ਕੁਝ ਬਾਕੀ ਵੀ ਇੱਕ-ਦੋ ਦਿਨਾਂ ਵਿੱਚ ਆ ਜਾਣ ਦੀ ਉਮੀਦ ਹੈ। ਹੁਣ ਇਹ ਜੱਥਾ 4 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ ਤੇ 10 ਦਿਨਾਂ ਦੀ ਯਾਤਰਾ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗਾ। ਜੱਥਾ 13 ਨਵੰਬਰ ਨੂੰ ਵਾਪਸੀ ਕਰੇਗਾ।
ਸੰਗਤਾਂ ਵੱਲੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਖੁੱਲ੍ਹੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਧਾਰਮਿਕ ਸੰਬੰਧਾਂ ਰਾਹੀਂ ਦੋਵੇਂ ਦੇਸ਼ਾਂ ਵਿੱਚ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਮਜ਼ਬੂਤ ਹੋ ਸਕੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਪਾਸਪੋਰਟ ਲੈਣ ਲਈ ਆਈਆਂ ਸੰਗਤਾਂ ਵਿੱਚ ਵੱਡਾ ਉਤਸ਼ਾਹ ਦੇਖਿਆ ਗਿਆ। ਕਈ ਸੰਗਤਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਪਣੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੀਆਂ ਹਨ, ਜੋ ਉਨ੍ਹਾਂ ਲਈ ਆਤਮਕ ਤੌਰ ‘ਤੇ ਬਹੁਤ ਵੱਡਾ ਅਨੁਭਵ ਹੋਵੇਗਾ।
ਐੱਸ.ਜੀ.ਪੀ.ਸੀ. ਸਕੱਤਰ ਨੇ ਕਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੇ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਦਾ ਉਪਦੇਸ਼ ਦਿੱਤਾ, ਉਸੇ ਤਰ੍ਹਾਂ ਹਰ ਸਿੱਖ ਦਾ ਫਰਜ਼ ਹੈ ਕਿ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ਰਧਾ ਨਾਲ ਹਾਜ਼ਰੀ ਭਰੇ। ਪ੍ਰਧਾਨ ਨੇ ਇਸੇ ਨਾਲ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਵੀ ਕੀਤੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਦਰਸ਼ਨ ਦਾ ਮੌਕਾ ਮਿਲ ਸਕੇ।
Read More : ਐੱਫ.ਸੀ.ਆਈ. ਸਲਾਹਕਾਰ ਕਮੇਟੀ ਦੇ ਚੇਅਰਮੈਨ ਘੁਬਾਇਆ ਵੱਲੋਂ ਗੁਰਦਾਸਪੁਰ ਦਾ ਦੌਰਾ

