ਖਨੌਰੀ ਦੇ ਬੱਸ

ਪੰਜਾਬ ਪੁਲਸ ਵਿਚ 1,746 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇ

ਨਵ-ਨਿਯੁਕਤ ਪੁਲਸ ਕਰਮਚਾਰੀ ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਭੂਮਿਕਾ ਨਿਭਾਉਣ : ਮੁੱਖ ਮੰਤਰੀ

ਜਲੰਧਰ, 11 ਜਨਵਰੀ : ਜਦੋਂ ਬਹੁਤੇ ਸੂਬਿਆਂ ਵਿਚ ਨੌਜਵਾਨਾਂ ਲਈ ਸਰਕਾਰੀ ਨੌਕਰੀ ਇੱਕ ਸੁਪਨਾ ਬਣ ਕੇ ਰਹਿ ਗਈ ਹੈ, ਉਦੋਂ ਪੰਜਾਬ ਇਸ ਤੋਂ ਉਲਟ ਤਸਵੀਰ ਪੇਸ਼ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਦੀ ਪੀ. ਏ. ਪੀ. ਗਰਾਊਂਡ ਵਿਚ 1,746 ਪੁਲਸ ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪੇ, ਜੋ ਕਿ ਇਕ ਰਿਕਾਰਡ ਹੈ ਅਤੇ ਇਹ ਐਲਾਨਾਂ ਦੀ ਬਜਾਏ ਨਤੀਜਾ-ਮੁਖੀ ਪਹੁੰਚ ਨੂੰ ਦਰਸਾਉਂਦਾ ਹੈ।

ਪੰਜਾਬ ਸਰਕਾਰ 16 ਮਾਰਚ 2022 ਤੋਂ ਔਸਤਨ ਹਰ ਰੋਜ਼ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੀ ਹੈ, ਜਿਸ ਨਾਲ 4 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 63,027 ਨੌਕਰੀਆਂ ਦੇ ਕੇ ਸਰਕਾਰ ਨੇ ਇਤਿਹਾਸ ਰਚਿਆ ਹੈ। ਇਹ ਸਮੂਹਿਕ ਭਰਤੀ ਨਾ ਸਿਰਫ਼ ਪੰਜਾਬ ਪੁਲਸ ਨੂੰ ਮਜ਼ਬੂਤ ਕਰੇਗੀ, ਸਗੋਂ ਯੋਗਤਾ-ਆਧਾਰਤ ਅਤੇ ਪਾਰਦਰਸ਼ੀ ਭਰਤੀ ਦੇ ਸਪੱਸ਼ਟ ਸੰਦੇਸ਼ ਨੂੰ ਵੀ ਮਜ਼ਬੂਤ ਕਰਦੀ ਹੈ। ਨਾਲ ਹੀ ਨਵੇਂ ਭਰਤੀ ਹੋਏ ਜਵਾਨਾਂ ਨੂੰ ਨਸ਼ਿਆਂ, ਸਾਈਬਰ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਲੜਾਈ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਐਤਵਾਰ ਨੂੰ ਪੰਜਾਬ ਪੁਲਸ ਦੇ ਹਥਿਆਰਬੰਦ ਅਤੇ ਜ਼ਿਲਾ ਕੇਡਰ ਦੇ 1,746 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਸੌਂਪਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਕਈ ਨੌਜਵਾਨਾਂ ਨੇ ਦੋ ਜਾਂ ਤਿੰਨ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕੀਤੀਆਂ ਹਨ। ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਮੈਂ ਇਹ ਯਕੀਨੀ ਬਣਾਇਆ ਕਿ ਯੋਗ ਨੌਜਵਾਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ ਅਤੇ ਇਸੇ ਕਾਰਨ ਹੁਣ ਤੱਕ 63,027 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਅੱਜ 1,746 ਹੋਰ ਨੌਜਵਾਨ ਪੰਜਾਬ ਸਰਕਾਰ ਦੇ ਪਰਿਵਾਰ ਵਿਚ ਸ਼ਾਮਲ ਹੋਏ ਹਨ, ਜੋ ਹੁਣ ਸੂਬੇ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿਚ ਸਰਗਰਮ ਹਿੱਸੇਦਾਰ ਬਣਨਗੇ।

ਸਰਕਾਰ ਦੇ ਮੁੱਖ ਏਜੰਡੇ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਇਸ ਸਰਕਾਰ ਦਾ ਇਕੋ-ਇਕ ਮਕਸਦ ਸਰਕਾਰੀ ਨੌਕਰੀਆਂ ਰਾਹੀਂ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਰਿਹਾ ਹੈ। ਅੱਜ ਜ਼ਿਲਾ ਕੇਡਰ ਦੇ 1,261 ਕਾਂਸਟੇਬਲਾਂ ਅਤੇ ਹਥਿਆਰਬੰਦ ਕੇਡਰ ਦੇ 485 ਕਾਂਸਟੇਬਲਾਂ ਨੂੰ ਨਿਯੁਕਤੀ-ਪੱਤਰ ਦਿੱਤੇ ਗਏ ਹਨ। ਪੁਲਸ ਫੋਰਸ ਦੀ ਮਜ਼ਬੂਤੀ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿਚ 10,264 ਨੌਜਵਾਨਾਂ ਨੂੰ ਪੰਜਾਬ ਪੁਲਸ ਦੇ ਵੱਖ-ਵੱਖ ਰੈਂਕਾਂ ਵਿਚ ਭਰਤੀ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਚੁਣੌਤੀਆਂ ਅਜੇ ਵੀ ਬਰਕਰਾਰ ਹਨ। ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਪੁਲਸ ਫੋਰਸ ਸਮਰਪਣ ਅਤੇ ਵਚਨਬੱਧਤਾ ਨਾਲ ਇਨ੍ਹਾਂ ਦਾ ਸਾਹਮਣਾ ਕਰ ਰਹੀ ਹੈ। ਗੁਆਂਢੀ ਦੇਸ਼ ਵੱਲੋਂ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਅਤੇ ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਵਿਚ ਵਾਪਸ ਧੱਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਡੀ. ਜੀ. ਪੀ. ਗੌਰਵ ਯਾਦਵ, ਏ. ਡੀ. ਜੀ. ਪੀ. ਐੱਮ. ਐੱਫ. ਫਾਰੂਕੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Read More : ਮੰਤਰੀ ਗੋਇਲ ਨੇ ਖਨੌਰੀ ਦੇ ਬੱਸ ਅੱਡੇ ਦੇ ਸੁੰਦਰੀਕਰਨ ਦਾ ਰੱਖਿਆ ਨੀਂਹ ਪੱਥਰ

Leave a Reply

Your email address will not be published. Required fields are marked *