ਪੁਲਸ ਅਤੇ ਬੀ. ਐੱਸ. ਐੱਫ. ਨੇ ਸਾਂਝੇ ਅਾਪ੍ਰੇਸ਼ਨ ਦੌਰਾਨ ਕੀਤੀ ਕਾਰਵਾਈ
ਫਿਰੋਜ਼ਪੁਰ, 17 ਜੁਲਾਈ : ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ’ਤੇ ਫਿਰੋਜ਼ਪੁਰ ਪੁਲਸ ਅਤੇ ਬੀ. ਐੱਸ. ਐੱਫ. ਨੇ ਜੁਆਇੰਟ ਅਪ੍ਰੇਸ਼ਨ ਦੌਰਾਨ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਈ 15 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਅਤੇ ਬੀ. ਐੱਸ. ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਤੀ ਸਮੱਗਲਰਾਂ ਨੇ ਪਿੰਡ ਟੇਂਡੀ ਵਾਲਾ ਦੇ ਏਰੀਆ ’ਚ ਡਰੋਨ ਰਾਹੀਂ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਦੀ ਇਕ ਵੱਡੀ ਖੇਪ ਮੰਗਵਾਈ ਹੈ ਅਤੇ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲਾ ਫਿਰੋਜ਼ਪੁਰ ਪੁਲਸ ਅਤੇ ਬੀ. ਐੱਸ. ਐੱਫ. ਅਧਿਕਾਰੀਆਂ ਨੇ ਇਸ ਇਲਾਕੇ ’ਚ ਇਕ ਸਰਚ ਆਪ੍ਰੇਸ਼ਨ ਚਲਾਇਆ ਤਾਂ 15 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 7 ਕਿਲੋ 677 ਗ੍ਰਾਮ ਸੀ। ਇਸ ਬਰਾਮਦਗੀ ਦੇ ਸਬੰਧੀ ਪੁਲਸ ਵੱਲੋਂ ਥਾਣਾ ਸਦਰ ਫਿਰੋਜ਼ਪੁਰ ’ਚ ਅਣਪਛਾਤੇ ਸਮੱਗਲਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਕਿਹਾ ਕਿ ਹੈਰੋਇਨ ਦੇ ਇਹ ਪੈਕੇਟ ਮੰਗਵਾਉਣ ਵਾਲੇ ਭਾਰਤੀ ਸਮੱਗਲਰਾਂ ਬਾਰੇ ਪੁਲਸ ਨੂੰ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਸ ’ਤੇ ਕਾਰਵਾਈ ਕਰਦਿਆਂ ਪੁਲਸ ਇਨ੍ਹਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿਛਲੇ 3 ਦਿਨਾਂ ਤੋਂ ਫਿਰੋਜ਼ਪੁਰ ਜ਼ਿਲੇ ਦੀ ਪੂਰੀ ਪੁਲਸ ਟੀਮ ਵੱਡੇ ਪੱਧਰ ’ਤੇ ਹੈਰੋਇਨ ਬਰਾਮਦ ਕਰਨ ਅਤੇ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲ ਰਹੀ ਹੈ। ਭਾਰਤੀ ਸਮੱਗਲਰਾਂ ਵੱਲੋਂ ਇਹ ਹੈਰੋਇਨ ਅੱਗੇ ਕਿਥੇ ਸਪਲਾਈ ਕੀਤੀ ਜਾਣੀ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਦੇਸੀ ਪਿਸਤੌਲ ਸਣੇ ਨੌਜਵਾਨ ਗ੍ਰਿਫਤਾਰ
ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਨੇ ਇਕ 17 ਸਾਲਾ ਨੌਜਵਾਨ ਹਰਸ਼ ਨੂੰ 9 ਐੱਮ. ਐੱਮ. ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Read More : ਅਮਰਨਾਥ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ