ਪੀੜਤ ਨੇ ਹੈਲਥ ਇੰਸ਼ੋਰੈਂਸ ਰੱਦ ਕਰਵਾਉਣ ਲਈ ਹੈਲਪਲਾਈਨ ਉਪਰ ਕੀਤੀ ਸੀ ਕਾਲ, ਬਾਅਦ ’ਚ ਬਣ ਗਿਆ ਲੁੱਟ ਦਾ ਸ਼ਿਕਾਰ
ਗੁਰਦਾਸਪੁਰ, 24 ਸਤੰਬਰ : ਸਾਈਬਰ ਕ੍ਰਾਈਮ ਨੂੰ ਰੋਕਣ ਲਈ ਪੁਲਸ ਵੱਲੋਂ ਲਗਾਤਾਰ ਕਈ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਆਨਲਾਈਨ ਠੱਗੀਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਜਿਸ ਦੇ ਬਾਅਦ ਹੁਣ ਗੁਰਦਾਸਪੁਰ ਨਾਲ ਸਬੰਧਤ ਇਕ ਵਿਅਕਤੀ ਆਨਲਾਈਨ ਠੱਗਾਂ ਵੱਲੋਂ ਮਾਰੀ ਗਈ ਮੋਟੀ ਠੱਗੀ ਦਾ ਸ਼ਿਕਾਰ ਹੋਇਆ ਹੈ।
ਉਕਤ ਵਿਅਕਤੀ ਨੇ ਪਹਿਲਾਂ ਹੈਲਥ ਇੰਸ਼ੋਰੈਂਸ ਦੇ ਨਾਮ ’ਤੇ ਤਿੰਨ ਲੱਖ ਤੋਂ ਜ਼ਿਆਦਾ ਰਾਸ਼ੀ ਖਰਚ ਕਰ ਦਿੱਤੀ ਪਰ ਜਦੋਂ ਉਸ ਨੇ ਇਸ ਇੰਸ਼ੋਰੈਂਸ ਨੂੰ ਰੱਦ ਕਰਵਾਉਣਾ ਚਾਹਿਆ ਤਾਂ ਨੌਸਰਬਾਜਾਂ ਨੇ ਉਸ ਨੂੰ ਹੋਰ ਲੁੱਟ ਲਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਦੀਪ ਸਿੰਘ ਵਾਸੀ ਅਰਬਨ ਸਟੇਟ ਗੁਰਦਾਸਪੁਰ ਨੇ ਦੱਸਿਆ ਕਿ ਇਕ ਪ੍ਰਾਈਵੇਟ ਬੈਂਕ ’ਚ ਉਸ ਦਾ ਬਚਤ ਖਾਤਾ ਹੈ, ਜਿਸ ’ਚ ਉਹ ਪੈਸੇ ਜਮ੍ਹਾ ਕਰਵਾਉਣ ਲਈ ਗਿਆ ਸੀ ਅਤੇ ਬੈਂਕ ਦੇ ਅਧਿਕਾਰੀਆਂ ਨੇ ਉਸ ਨੂੰ ਲਾਈਫ ਕਵਰ ਲਈ ਲਾਈਫ ਇੰਸ਼ੋਰੈਂਸ ਕਰਵਾਉਣ ਦੀ ਸਲਾਹ ਦਿੱਤੀ, ਜਿਸ ’ਤੇ ਉਸ ਨੇ 3 ਲੱਖ 13 ਹਜ਼ਾਰ 500 ਰੁਪਏ ਦੀ ਇੰਸ਼ੋਰੈਂਸ ਕਰਵਾ ਲਈ ਅਤੇ ਇਹ ਰਾਸ਼ੀ ਉਸ ਦੇ ਖਾਤੇ ’ਚੋਂ ਕੱਟੀ ਗਈ।
ਇਸ ਤੋਂ ਬਾਅਦ ਜਦੋਂ ਉਹ ਆਪਣੇ ਘਰ ਗਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਨੂੰ ਇਹ ਲਾਈਫ ਇੰਸ਼ੋਰੈਂਸ ਨਹੀਂ ਕਰਵਾਉਣੀ ਚਾਹੀਦੀ ਸੀ, ਜਿਸ ਕਰ ਕੇ ਉਸ ਨੇ ਤੁਰੰਤ ਟਾਟਾ ਇੰਸ਼ੋਰੈਂਸ ਕੰਪਨੀ ਦੀ ਹੈਲਪਲਾਈਨ ਦਾ ਨੰਬਰ ਗੂਗਲ ਉੱਪਰ ਸਰਚ ਕਰ ਕੇ ਲੱਭਿਆ ਅਤੇ ਜਦੋਂ ਉਸ ਨੇ 8002667780 ਨੰਬਰ ਉੱਪਰ ਕਾਲ ਕਰ ਕੇ ਕੰਪਨੀ ਦੇ ਏਜੰਟ ਨੂੰ ਆਪਣੀ ਲਾਈਫ ਕਵਰ ਇੰਸ਼ੋਰੈਂਸ ਪਾਲਿਸੀ ਰੱਦ ਕਰਨ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਏਜੰਟ ਨੇ ਉਸ ਕੋਲੋਂ ਨਾਮ ਪਤਾ ਪੁੱਛਿਆ ਇਸਦੇ ਬਾਅਦ 6 ਮਈ ਨੂੰ ਉਸ ਦੇ ਨੰਬਰ ਉੱਪਰ ਇਕ ਕਾਲ ਆਈ, ਜਿਸ ਦੌਰਾਨ ਬੋਲਣ ਵਾਲੇ ਅਣਪਛਾਤੇ ਵਿਅਕਤੀ ਨੇ ਉਸ ਕੋਲੋਂ ਆਧਾਰ ਕਾਰਡ ਨੰਬਰ ਪੁੱਛਿਆ ਅਤੇ ਜਦੋਂ ਉਸਨੇ ਆਪਣਾ ਆਧਾਰ ਕਾਰਡ ਨੰਬਰ ਦੱਸਿਆ ਤਾਂ ਕੁਝ ਹੀ ਸਕਿੰਡਾਂ ’ਚ ਉਸਦੇ ਸੇਵਿੰਗ ਖਾਤੇ ’ਚੋਂ 5 ਲੱਖ ਰੁਪਏ ਡੈਬਿਟ ਹੋਣ ਦਾ ਮੈਸੇਜ ਆ ਗਿਆ।
ਇਸ ਤੋਂ ਬਾਅਦ ਕੁਝ ਹੀ ਸਮੇਂ ’ਚ ਉਸਦੇ ਫੋਨ ’ਚੋਂ 50 ਹਜ਼ਾਰ ਰੁਪਏ ਨਿਕਲ ਗਏ ਅਤੇ ਬਾਅਦ ’ਚ 5-5 ਲੱਖ ਰੁਪਏ ਦੋ ਵਾਰ ਨਿਕਲਣ ਕਾਰਨ ਕੁੱਲ 15 ਲੱਖ 50 ਹਜ਼ਾਰ ਰੁਪਏ ਉਸਦੇ ਖਾਤੇ ’ਚੋਂ ਡੈਬਿਟ ਹੋ ਗਏ। ਇਸ ਬਾਰੇ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਉਸ ਨਾਲ ਇਹ ਠੱਗੀ ਕਿਸ ਅਤੇ ਕਿਸ ਤਰ੍ਹਾਂ ਮਾਰੀ ਹੈ।
ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕਰ ਕੇ ਤੁਰੰਤ ਨੌਸਰਬਾਜਾਂ ਨੂੰ ਕਾਬੂ ਕਰ ਕੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਗੁਰਦਾਸਪੁਰ ਥਾਣੇ ’ਚ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੁਲਾਜ਼ਮਾਂ ਨੂੰ ਸਮੇਂ ਸਿਰ ਪਾਈ ਜਾਵੇ ਪੈਨਸ਼ਨ : ਚੀਮਾ