ਮੱਛਰ ਭਜਾਉਣ ਵਾਲੀ ਅਗਰਬੱਤੀ ਨਾਲ ਕੰਬਲ ਨੂੰ ਲੱਗੀ ਸੀ ਅੱਗ
ਲੁਧਿਆਣਾ, 1 ਨਵੰਬਰ : ਜ਼ਿਲਾ ਲੁਧਿਆਣਾ ਦੇ ਥਾਣਾ ਮੇਹਰਬਾਨ ਅਧੀਨ ਆਉਂਦੇ ਪਿੰਡ ਕੱਕਾ ’ਚ 11 ਮਹੀਨੇ ਦੇ ਬੱਚੇ ਦੀ ਅੱਗ ’ਚ ਝੁਲਸ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਧਾਲੀਵਾਲ ਅਤੇ ਜਾਂਚ ਅਧਿਕਾਰੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਅੱਜ ਸੂਚਨਾ ਮਿਲੀ ਕਿ ਪਿੰਡ ਕੱਕਾ ਦੀ ਓਂਕਾਰ ਕਾਲੋਨੀ ’ਚ 11 ਮਹੀਨੇ ਦੇ ਬੱਚੇ ਅਰਜਨ ਕੁਮਾਰ ਦੀ ਅੱਗ ਨਾਲ ਝੁਲਸ ਜਾਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰ ਕਰੀਬ 9 ਵਜੇ ਰੇਖਾ ਰਾਣੀ ਨੇ ਆਪਣੇ 11 ਮਹੀਨੇ ਦੇ ਬੱਚੇ ਅਰਜਨ ਨੂੰ ਨੁਹਾ ਕੇ ਕੰਬਲ ’ਚ ਲਪੇਟ ਕੇ ਬੈੱਡ ਉੱਪਰ ਲਿਟਾ ਦਿੱਤਾ, ਜਿਸ ਤੋਂ ਬਾਅਦ ਉਸ ਨੇ ਕਮਰੇ ’ਚ ਮੱਛਰ ਹੋਣ ਕਾਰਨ ਮੱਛਰ ਭਜਾਉਣ ਵਾਲੀ ਅਗਰਬੱਤੀ ਬਾਲ ਦਿੱਤੀ ਅਤੇ ਖੁਦ ਬਾਹਰ ਕੰਮ ਕਰਨ ਚਲੀ ਗਈ, ਜਿਸ ਤੋਂ ਬਾਅਦ ਮੱਛਰ ਭਜਾਉਣ ਵਾਲੀ ਅਗਰਬੱਤੀ ਕੰਬਲ ਦੇ ਨਾਲ ਲੱਗ ਗਈ ਅਤੇ ਕੰਬਲ ਨੂੰ ਅੱਗ ਲਗ ਗਈ।
ਇਸ ਨਾਲ 11 ਮਹੀਨੇ ਦਾ ਬੱਚਾ ਅੱਗ ’ਚ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਪਰੰਤ ਔਰਤ ਨੇ ਆਪਣੇ ਪਤੀ ਤਿਲਕ ਸ਼ਾਹ ਨੂੰ ਸੂਚਨਾ ਦਿੱਤੀ, ਜਿਸ ਦੌਰਾਨ ਤਿਲਕ ਸ਼ਾਹ ਅਤੇ ਰੇਖਾ ਰਾਣੀ ਅੱਗ ’ਚ ਸੜੇ ਆਪਣੇ 11 ਮਹੀਨੇ ਦੇ ਬੇਟੇ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲੈ ਕੇ ਪੁੱਜੇ ਪਰ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਤਿਲਕ ਸ਼ਾਹ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਇਸ ਕਾਲੋਨੀ ’ਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿਲਕ ਸ਼ਾਹ ਦੇ ਕਰੀਬ 8 ਬੱਚੇ ਹਨ, ਜਿਨ੍ਹਾਂ ’ਚੋਂ 5 ਬੱਚੇ ਬਿਹਾਰ ’ਚ ਰਹਿੰਦੇ ਹਨ ਅਤੇ 3 ਬੱਚੇ ਇਥੇ ਰਹਿੰਦੇ ਹਨ, ਜਿਸ ਤੋਂ ਬਾਅਦ ਪੁਲਸ ਵੱਲੋਂ ਉਕਤ ਮਾਮਲੇ ’ਚ ਕਾਰਵਾਈ ਕਰਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਸਾਬਕਾ ਅਕਾਲੀ ਦੀ ਆਪਣੇ ਹੀ ਰਿਵਾਲਵਰ ਤੋਂ ਗੋਲੀ ਲੱਗਣ ਕਾਰਨ ਮੌਤ
