ਪਾਣੀ ਦੇ ਬਚਾਅ ਲਈ ਸ਼ਲਾਘਾਯੋਗ ਹੁੰਗਾਰਾ : ਮੰਤਰੀ ਖੁੱਡੀਆਂ
ਸ੍ਰੀ ਆਨੰਦਪੁਰ ਸਾਹਿਬ, 24 ਜੁਲਾਈ : ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਜ਼ਮੀਨਦੋਜ਼ ਪਾਣੀ ਦੇ ਬਚਾਅ ਹਿੱਤ ਸੂਬਾ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਜੋ ਯਤਨ ਬੀਤੇ ਵਰ੍ਹਿਅਾਂ ਦੌਰਾਨ ਆਰੰਭ ਕੀਤੇ ਗਏ ਸਨ, ਉਨ੍ਹਾਂ ਪ੍ਰਤੀ ਸੂਬੇ ਦੇ ਕਿਸਾਨਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ ਤੇ ਬੀਤੇ ਵਰ੍ਹਿਅਾਂ ਦੇ ਮੁਕਾਬਲੇ ਇਸ ਵਾਰ ਸਿੱਧੀ ਬਿਜਾਈ ਅਧੀਨ 11.86 ਫੀਸਦੀ ਰਕਬੇ ’ਚ ਇਜਾਫਾ ਹੋਇਆ ਹੈ।
ਸੂਬਾ ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਡੀ.ਐੱਸ.ਅਾਰ. (ਝੋਨੇ ਦੀ ਸਿੱਧੀ ਬਿਜਾਈ) ਲਈ ਉਤਸ਼ਾਹਿਤ ਕਰਨ ਦੇ ਲਗਾਤਾਰ ਯਤਨ ਕੀਤੇ ਜਾਂਦੇ ਰਹੇ ਹਨ ਜਿਸ ਦੇ ਸਿੱਟੇ ਵਜੋਂ ਹੁਣ ਤੱਕ 2.83 ਲੱਖ ਏਕੜ ਤੋਂ ਵਧੇਰੇ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ। ਮਾਲਵੇ ਦੇ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਅਾਂ ’ਚ ਕਿਸਾਨਾਂ ਨੇ ਉਤਸ਼ਾਹਜਨਕ ਭੂਮਿਕਾ ਨਿਭਾਉਂਦਿਅਾਂ ਸਭ ਤੋਂ ਜ਼ਿਆਦਾ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਹੈ।
ਵਿਭਾਗ ਵਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਜਾਗਰੂਕ ਕਰਨ ਦੇ ਨਿਰੰਤਰ ਅਾਰੰਭੇ ਯਤਨਾਂ ਨੂੰ ਬੂਰ ਪੈਣਾ ਸੂਬੇ ਦੀ ਹਰੀ ਕ੍ਰਾਂਤੀ ਦੇ ਬਚਾਅ ਲਈ ਇਕ ਚੰਗਾ ਉਪਰਾਲਾ ਹੈ ਜਿਸ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਿਖਲਾਈ ਕੈਂਪ ਦੀ ਆਯੋਜਿਤ ਕੀਤੇ ਜਾ ਰਹੇ ਹਨ। ਸੂਬੇ ਭਰ ’ਚ 31 ਜੁਲਾਈ ਤੱਕ ਸਿੱਧੀ ਬਿਜਾਈ ਕੀਤੀ ਜਾਵੇਗੀ, ਜਿਸ ਦਾ ਕੰਮ ਅਜੇ ਜਾਰੀ ਹੈ।
ਇਸ ਤਹਿਤ ਸਿੱਧੀ ਬਿਜਾਈ ਹੇਠ ਆਉਣ ਵਾਲੇ ਰਕਬੇ ’ਚ ਅਗਲੇ ਦਿਨੀਂ ਹੋਰ ਇਜ਼ਾਫਾ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵਲੋਂ ਇਹ ਵਿਧੀ ਅਪਣਾਉਣ ਦੇ ਇਵਜ਼ ’ਚ 1500 ਰੁਪਏ ਪ੍ਰਤੀ ਏਕੜ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸਾਉਣੀ ਸੀਜ਼ਨ-2024 ਦੌਰਾਨ ਡੀ.ਐੱਸ.ਆਰ. ਤਕਨੀਕ ਅਪਣਾਉਣ ਵਾਲੇ 24,032 ਕਿਸਾਨਾਂ ਦੇ ਬੈਂਕ ਖਾਤਿਅਾਂ ਵਿਚੋਂ ਇਹ ਵਿੱਤੀ ਸਹਾਇਤਾ ਵਿਭਾਗ ਵਲੋਂ ਟਰਾਂਸਫਰ ਕੀਤੀ ਗਈ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਵਾਰ ਨਹਿਰਾਂ ਦਾ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਸੂਬਾ ਸਰਕਾਰ ਨੇ ਜੋ ਯਤਨ ਕੀਤੇ ਹਨ ਉਸ ਦੇ ਸਿੱਟੇ ਵਜੋਂ ਇਸ ਵਾਰ ਫਸਲਾਂ ਦੀ ਸਿੰਚਾਈ ਨਹਿਰੀ ਪਾਣੀ ’ਤੇ ਹੀ ਨਿਰਭਰ ਹੋਈ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਬਚਾਅ ਵੱਡੇ ਪੈਮਾਨੇ ’ਤੇ ਹੋਇਆ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਲੋੜ ਹੈ ਜੋ ਮਹਿਜ਼ ਫਸਲਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਅਤੇ ਝੋਨੇ ਦੀ ਥਾਂ ਫਸਲੀ ਵਿਭਿੰਨਤਾ ਅਪਣਾ ਕੇ ਹੀ ਕੀਤੀ ਜਾ ਸਕਦੀ ਹੈ।
Read More : ਬੰਗਲੁਰੂ ਵਿਚ ਯੂ. ਪੀ. ਆਈ. ਭੁਗਤਾਨ ਬੰਦ !