ਵਾਸ਼ਿੰਗਟਨ, 13 ਜਨਵਰੀ : ਅਮਰੀਕਾ ’ਚ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦੇ ਕੇ ਪ੍ਰਵਾਸੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤਹਿਤ 2025 ’ਚ 8000 ਸਟੂਡੈਂਟ ਵੀਜ਼ਾ ਸਮੇਤ ਇਕ ਲੱਖ ਤੋਂ ਵੱਧ ਵੀਜ਼ਾ ਰੱਦ ਕਰ ਦਿੱਤੇ ਗਏ।
ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, “ਅਮਰੀਕਾ ਨੂੰ ਸੁਰੱਖਿਅਤ ਬਣਾਉਣ ਲਈ ਅਸੀਂ ਇਨ੍ਹਾਂ ਠੱਗਾਂ ਨੂੰ ਡਿਪੋਰਟ ਕਰਦੇ ਰਹਾਂਗੇ।” ਪੋਸਟ ’ਚ ਕਿਹਾ ਗਿਆ ਹੈ, “ਅਮਰੀਕਾ ’ਚ ਅਪਰਾਧਿਕ ਗਤੀਵਿਧੀਆਂ ਲਈ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ’ਤੇ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲਾ ਨੇ 8,000 ਸਟੂਡੈਂਟ ਵੀਜ਼ਾ ਅਤੇ 2,500 ਵਿਸ਼ੇਸ਼ ਵੀਜ਼ਾ ਸਮੇਤ 1,00,000 ਵੀਜ਼ਾ ਰੱਦ ਕਰ ਦਿੱਤੇ ਹਨ।”
ਵਿਦੇਸ਼ ਮੰਤਰਾਲਾ ਦੇ ਮੁੱਖ ਉਪ ਬੁਲਾਰੇ ਟੌਮੀ ਪਿਗਾਟ ਨੇ ਕਿਹਾ ਕਿ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਟਰੰਪ ਪ੍ਰਸ਼ਾਸਨ ਨੇ ਇਕ ਲੱਖ ਤੋਂ ਵੱਧ ਵੀਜ਼ਾ ਰੱਦ ਕੀਤੇ ਹਨ। ਫਾਕਸ ਨਿਊਜ਼ ਦੀ ਖ਼ਬਰ ਅਨੁਸਾਰ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਰਜਕਾਲ ਦੇ ਆਖ਼ਰੀ ਸਾਲ ਯਾਨੀ 2024 ’ਚ 40,000 ਵੀਜ਼ਾ ਰੱਦ ਕੀਤੇ ਗਏ ਸਨ, ਜਿਸ ਦੀ ਤੁਲਨਾ ’ਚ 2025 ’ਚ ਦੁੱਗਣੇ ਤੋਂ ਵੀ ਵੱਧ ਵੀਜ਼ਾ ਰੱਦ ਕੀਤੇ ਗਏ। ਖ਼ਬਰ ’ਚ ਕਿਹਾ ਗਿਆ ਹੈ ਕਿ 2025 ’ਚ ਜਿਨ੍ਹਾਂ ਲੋਕਾਂ ਦੇ ਵੀਜ਼ਾ ਰੱਦ ਕੀਤੇ ਗਏ, ਉਨ੍ਹਾਂ ’ਚੋਂ ਜ਼ਿਆਦਾਤਰ ਕਾਰੋਬਾਰੀ ਅਤੇ ਟੂਰਿਸਟ ਸਨ, ਜੋ ਵੀਜ਼ਾ ਦੀ ਮਿਆਦ ਤੋਂ ਜ਼ਿਆਦਾ ਸਮੇਂ ਤੱਕ ਦੇਸ਼ ’ਚ ਠਹਿਰੇ ਸਨ।
Read More : ਪੰਜਾਬ ਸਰਕਾਰ ਨੇ ਡਿਫਾਲਟਰ ਪਲਾਟ ਅਲਾਟੀਆਂ ਨੂੰ ਦਿੱਤੀ ਵੱਡੀ ਰਾਹਤ
