ਹੈਰਾਨੀਜਨਕ ਘਟਨਾ ਨੇ ਇਲਾਕੇ ’ਚ ਫੈਲਾਈ ਦਹਿਸ਼ਤ
ਅਬੋਹਰ, 29 ਜਨਵਰੀ- ਅਬੋਹਰ ਸ਼ਹਿਰ ਦੇ ਇੰਦਰਾ ਨਗਰੀ ਇਲਾਕੇ ਵਿਚ ਵੀਰਵਾਰ ਦੁਪਹਿਰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ। ਇੱਥੇ ਭੇਤਭਰੇ ਹਾਲਾਤਾਂ ਵਿਚ 10 ਰੁਪਏ ਦਾ ਸਿੱਕਾ ਫਟਣ ਕਾਰਨ ਇਕ ਢਾਈ ਸਾਲਾ ਬੱਚੀ ਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਾ ਨਗਰੀ ਗਲੀ ਨੰਬਰ-3 ਦੀ ਰਹਿਣ ਵਾਲੀ ਗੀਤਾ ਨੇ ਦੱਸਿਆ ਕਿ ਉਸ ਦਾ ਪਤੀ ਸ਼ਹਿਰ ਵਿਚ ਸੂਪ ਵੇਚਣ ਦਾ ਕੰਮ ਕਰਦਾ ਹੈ। ਜਦੋਂ ਉਹ ਸੂਪ ਤਿਆਰ ਕਰਕੇ ਬਾਜ਼ਾਰ ਜਾਣ ਦੀ ਤਿਆਰੀ ਕਰ ਰਹੇ ਸਨ, ਤਾਂ ਉਨ੍ਹਾਂ ਨੇ ਆਪਣੀ ਢਾਈ ਸਾਲਾ ਧੀ ਸ੍ਰਿਸ਼ਟੀ ਨੂੰ ਦੁਕਾਨ ਤੋਂ ਸਾਮਾਨ ਲੈਣ ਲਈ 10 ਰੁਪਏ ਦਾ ਸਿੱਕਾ ਦਿੱਤਾ ਸੀ।
ਗੀਤਾ ਮੁਤਾਬਕ ਕੁਝ ਸਮੇਂ ਬਾਅਦ ਸ੍ਰਿਸ਼ਟੀ ਰੋਂਦੀ ਹੋਈ ਘਰ ਵਾਪਸ ਆਈ। ਜਦੋਂ ਪਰਿਵਾਰ ਵਾਲਿਆਂ ਨੇ ਵੇਖਿਆ ਤਾਂ ਬੱਚੀ ਦੇ ਹੱਥ ਝੁਲਸੇ ਹੋਏ ਸਨ ਅਤੇ ਸਿੱਕਾ ਫਟ ਚੁੱਕਾ ਸੀ। ਇਹ ਵੇਖ ਕੇ ਪਰਿਵਾਰਕ ਮੈਂਬਰ ਘਬਰਾ ਗਏ ਅਤੇ ਉਨ੍ਹਾਂ ਤੁਰੰਤ ਬੱਚੀ ਦਾ ਇਲਾਜ ਕਰਵਾਇਆ। ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਸ ਅਜੀਬੋ-ਗਰੀਬ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਲੋਕ ਸਵਾਲ ਉਠਾ ਰਹੇ ਹਨ ਕਿ ਆਖਿਰ ਆਮ ਜਿਹਾ ਦਿਖਣ ਵਾਲਾ ਸਿੱਕਾ ਕਿਵੇਂ ਫਟ ਸਕਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।
Read More : ਪੰਜਾਬ-ਹਰਿਆਣਾ ਸਕੱਤਰੇਤ ਸਮੇਤ 4 ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
