ਸੁਰੱਖਿਆ ਗਾਰਡਾ ਅਤੇ ਸੇਵਾਦਾਰਾਂ ਨੇ ਮੁਲਜ਼ਮ ਕੀਤਾ ਕਾਬੂ
ਅੰਮ੍ਰਿਤਸਰ : 4 ਦਸੰਬਰ ਸਵੇਰੇ 9:30 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਤਹਿਤ ਦੂਜੇ ਦਿਨ ਦੀ ਸੁਖਬੀਰ ਸਿੰਘ ਬਾਦਲ ਸੇਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਸਨ। ਇਸ ਦੌਰਾਨ ਕਿਸੇ ਵਿਅਕਤੀ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਗੋਲ਼ੀ ਚਲਾ ਦਿੱਤੀ ਗਈ ਹੈ। ਇਸ ਦੌਰਾਨ ਸੁਰੱਖਿਆ ਗਾਰਡਾ ਅਤੇ ਸੇਵਾਦਾਰਾਂ ਨੇ ਵੀ ਉਸ ਵਿਆਕਤੀ ਨੂੰ ਫੜ ਲਿਆ।
ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਪਰ ਜੇਕਰ ਸੁਰੱਖਿਆ ਗਾਰਡਾਂ ਨੇ ਗੋਲੀਬਾਰੀ ਦੇ ਸਮੇਂ ਉਕਤ ਵਿਅਕਤੀ ਨੂੰ ਤੁਰੰਤ ਕਾਬੂ ਨਾ ਕੀਤਾ ਹੁੰਦਾ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਪਹਿਲਾਂ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਫੜਨ ਵਾਲੇ ਸੁਰੱਖਿਆ ਗਾਰਡ ਦਾ ਨਾਂ ਜਸਬੀਰ ਹੈ। ਦੂਜੇ ਸੁਰੱਖਿਆ ਗਾਰਡ ਦਾ ਨਾਂ ਪਰਮਿੰਦਰ ਹੈ। ਪਰਮਿੰਦਰ ਨੇ ਜਸਬੀਰ ਦੇ ਤੁਰੰਤ ਬਾਅਦ ਗੋਲੀ ਚਲਾਉਣ ਵਾਲੇ ਨੂੰ ਦਬੋਚ ਲਿਆ ਸੀ।
ਕੌਣ ਹੈ ਮੁਲਜ਼ਮ ਨਰਾਇਣ ਸਿੰਘ ਚੌੜਾ
ਸੁਖਬੀਰ ‘ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਨਾਰਾਇਣ ਸਿੰਘ ਚੌੜਾ ਵਾਸੀ ਡੇਰਾ ਬਾਬਾ ਨਾਨਕ ਵਜੋ ਹੋਈ ਹੈ। ਮੁਲਜ਼ਮ ਕੱਟੜਪੰਥੀ ਹੈ ਅਤੇ ਦਲ ਖਾਲਸਾ ਨਾਲ ਸਬੰਧਤ ਹੈ।
ਇੰਟੈਲੀਜੈਂਸ ਏਜੰਸੀਆਂ ‘ਤੇ ਖੜ੍ਹਾ ਹੋਇਆ ਸਵਾਲ
ਸੁਖਬੀਰ ਬਾਦਲ ਇਸ ਵੇਲੇ ਦੇਸ਼ ਦੇ ਵੱਡੇ ਸਿੱਖ ਆਗੂ ਹਨ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਕਾਰਨ 2 ਦਿਨ ਤੋਂ ਜਨਤਕ ਥਾਵਾਂ ‘ਤੇ ਬੈਠ ਰਹੇ ਹਨ। ਇਸ ਦੌਰਾਨ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਇੰਟੈਲੀਜੈਂਸ ਏਜੰਸੀਆਂ ਨੂੰ ਪੱਬਾਂ ਭਾਰ ਰਹਿਣਾ ਚਾਹੀਦਾ ਸੀ। ਇਸ ਹਮਲੇ ਦੇ ਨਾਲ ਹੀ ਇੰਟੈਲੀਜੈਂਸ ਏਜੰਸੀਆਂ ‘ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ।