ਕਿਸਾਨਾ ਵਲੋ 18 ਦਸੰਬਰ ਤੱਕ ਦਿੱਲੀ ਕੂਚ ਮੁਲਵਤੀ
ਪਟਿਆਲਾ, 14 ਦਸੰਬਰ : ਸ਼ੰਭੂ ਬਾਰਡਰ ਵਿਖੇ ਅੱਜ ਤੀਸਰੀ ਵਾਰ 101 ਕਿਸਾਨ ਮਰਜੀਵੜਿਆਂ ਦਾ ਜਥਾ ਜਦੋਂ ਦਿੱਲੀ ਕੂਚ ਕਰਨ ਲਈ ਨਿਕਲਿਆ ਤਾਂ ਉਸ ਉਤੇ ਕੇਂਦਰੀ ਸੁਰਖਿਆ ਫੋਰਸਾਂ ਨੇ ਪਾਣੀਆਂ ਦੀਆਂ ਬੋਛਾਰਾਂ, ਹੰਝੂ ਗੈਸ ਦੇ ਗੋਲਿਆਂ ਅਤੇ ਚਲਾਈਆਂ ਰਬੜ ਦੀਆਂ ਗੋਲੀਆਂ ਦੀ ਬਰਸਾਤ ਕਰ ਦਿੱਤੀ, ਜਿਸ ਵਿਚ 17 ਦੇ ਕਰੀਬ ਕਿਸਾਨ ਜਖਮੀ ਹੋ ਗਏ ਹਨ, ਜਿਸ ਵਿਚੋਂ ਚਾਰ ਗੰਭੀਰ ਜਖਮੀ ਹਨ, ਜਿਨਾ ਨੂੰ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸਤੋ ਬਾਅਦ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਜਥੇ ਨੂੰ ਚਾਰ ਘੰਟੇ ਬਾਅਦ ਵਾਪਸ ਬੁਲਾਉਂਦਿਆਂ ਐਲਾਨ ਕੀਤਾ ਕਿ 18 ਦਸੰਬਰ ਤੱਕ ਜਥਾ ਦਿੱਲੀ ਕੂਚ ਨਹੀ ਕਰੇਗਾ ਪਰ ਸੰਘਰਸ਼ ਹੋਰ ਤਿੱਖਾ ਹੋਵੇਗਾ।
ਕਿਸਾਨਾਂ ਵਲੋ ਕੀਤੇ ਐਲਾਨ ਮੁਤਾਬਿਕ ਸਹੀ 12 ਵਜੇ ਮਰਜੀਵੜਿਆਂ ਦਾ ਜਥਾ ਸ਼ੰਭੂ ਬਾਰਡਰ ਵੱਲ ਵਧਿਆ। ਪੂਰੇ 45 ਮਿੰਟ ਹਰਿਆਣਾ ਪੁਲਸ ਨਾਲ ਬਹਿਸ ਹੋਈ। ਉਸਤੋ ਬਾਅਦ ਡੀਸੀ ਅੰਬਾਲਾ ਤੇ ਐਸਐਸਪੀ ਅੰਬਾਲਾ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ।
ਉਧਰੋ ਕਿਸਾਨਾਂ ਨੇ ਮੁੜ ਬੈਰੀਕੇਟਾਂ ਨੂੰ ਸੰਗਲਾਂ ਪਾ ਲਈਆਂ। ਇਸਤੋ ਬਾਅਦ ਕੇਂਦਰੀ ਸੁਰਖਿਆ ਫੋਰਸਾਂ ਨੇ ਅੰਨੇਵਾਹ ਪਾਣੀ ਦੀਆਂ ਬੋਛਾਰਾਂ, ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦੀ ਬਰਸਾਤ ਕਰ ਦਿੱਤੀ। ਕਿਸਾਨ ਘੱਗਰ ਦੇ ਪੁੱਲ ਤੋਂ ਹੇਠਾਂ ਉਤਰ ਕੇ ਜਦੋਂ ਘੱਗਰ ਰਾਹੀ ਅੱਗੇ ਵਧੇ ਤਾਂ ਇਨਾ ਉਪਰ ਘਗਰ ਦੇ ਗੰਦੇ ਕੈਮੀਕਲ ਵਾਲੇ ਪਾਣੀ ਨੂੰ ਵੀ ਬੋਛਾਰਾਂ ਰਾਹੀ ਸੁਟਿਆ ਗਿਆ। ਇਥੋ ਤੱਕ ਕਿ ਹੰਝੂ ਗੈਸ ਦੇ ਗੋਲੇ ਰਾਕੇਟ ਲਾਂਚਰ ਨਾਲ ਕਿਲੋ ਕਿਲੋ ਮੀਟਰ ਦੂਰ ਸੁਟੇ ਗਏ ਕਿਉਂਕਿ ਅੱਜ ਸੰਭੂ ਬਾਰਡਰ ‘ਤੇ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਸਨ ਤੇ ਕੇਂਦਰੀ ਸੁਰਖਿਆ ਫੋਰਸਾਂ ਨੂੰ ਡਰ ਸੀ ਕਿ ਕਿਤੇ ਹਜਾਰਾਂ ਦੀ ਗਿਣਤੀ ਵਿਚ ਜੁੜੇ ਕਿਸਾਨ ਅੱਗੇ ਨਾ ਵਧ ਸਕਣ।

ਇਸ ਮੌਕੇ ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲਸ ਵੱਲੋਂ ਇੱਕ ਕਿਸਾਨ ਦੇ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਸਾਨਾਂ ਉਪਰ ਕੈਮੀਕਲ ਵਾਲਾ ਪਾਣੀ ਸੁਟਣ ਦਾ ਵੀ ਦੋਸ਼ ਲਗਾਇਆ ਹੈ।
