-‘ਗਾਉਂਦੀ ਸ਼ਾਇਰੀ’ ਨਾਲ ਡੇਢ ਦਰਜ਼ਨ ਕਵੀਆਂ ਨੇ ਬੰਨਿਆ ਰੰਗਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਉੱਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2024 ਤਹਿਤ ਇਥੇ ਭਾਸ਼ਾ ਭਵਨ ਵਿਖੇ ਗਾਉਂਦੀ ਸ਼ਾਇਰੀ ਬੈਨਰ ਹੇਠ ਰਾਜ ਪੱਧਰੀ ‘ਬਾਤੁਰੰਨਮ ਕਵੀ ਦਰਬਾਰ’ ਕਰਵਾਇਆ ਗਿਆ।
ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਦੇਖ-ਰੇਖ ਹੇਠ ਕਰਵਾਏ ਇਸ ਕਵੀ ਦਰਬਾਰ ਦੌਰਾਨ ਸ਼੍ਰੋਮਣੀ ਕਵੀ ਡਾ. ਸੁਰਿੰਦਰ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਰਾਜੇਸ਼ ਮੋਹਨ ਮੁਖੀ ਸੰਗੀਤ ਵਿਭਾਗ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਨੇ ਕੀਤੀ। ਸਮਾਗਮ ਦੌਰਾਨ ਸੂਬੇ ਭਰ ’ਚੋਂ ਆਏ ਡੇਢ ਦਰਜਨ ਦੇ ਕਰੀਬ ਨਾਮਵਰ ਕਵੀਆਂ ਨੇ ਆਪਣੀਆਂ ਨਜ਼ਮ, ਸਾਹਿਤਕ ਗੀਤਾਂ ਅਤੇ ਗਜ਼ਲਾਂ ਨਾਲ ਰੰਗ ਬੰਨਿਆ।
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ’ਚ ਕਿਹਾ ਕਿ ਪੰਜਾਬ ਸੁਖਨ ਤੇ ਸੁਰ ਦੀ ਧਰਤੀ ਹੈ, ਜਿਸ ਦੇ ਰੋਮ-ਰੋਮ ’ਚ ਕਾਵਿ ਅਤੇ ਸੰਗੀਤ ਹੈ। ਮਸ਼ੀਨੀ ਯੁੱਗ ਨੇ ਪੰਜਾਬੀ ਜਨਜੀਵਨ ’ਚੋਂ ਇਹ ਦੋਨੋਂ ਸੁਖਮ ਕਲਾਵਾਂ ਮਨਫ਼ੀ ਕਰ ਦਿੱਤੀਆਂ ਹਨ, ਜਿਸ ਕਾਰਨ ਸਾਡੇ ਸੁਭਾਅ ਦਾ ਵੀ ਮਸ਼ੀਨੀਕਰਨ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਰਸਮਾਂ ਸੰਗੀਤ ਨਾਲ ਲਬਰੇਜ਼ ਹਨ ਪਰ ਅਸੀਂ ਆਪਣੀ ਇਸ ਅਮੀਰ ਵਿਰਾਸਤ ਨੂੰ ਛੱਡ ਰਹੇ ਹਾਂ, ਜਿਸ ਕਾਰਨ ਸਾਡੇ ਜਨਜੀਵਨ ’ਚ ਮਾਰਧਾਡ਼ ਭਾਰੂ ਹੋ ਰਹੀ ਹੈ। ਉਨ੍ਹਾਂ ਨੇ ਸਮਾਗਮ ’ਚ ਸ਼ਿਰਕਤ ਕਰਨ ਵਾਲੇ ਕਵੀਆਂ ਅਤੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਜਨਜੀਵਨ ਦੀਆਂ ਸੁਖਨ ਤੇ ਸੁਰ ਸਬੰਧੀ ਰਵਾਇਤਾਂ ਨੂੰ ਕਾਇਮ ਰੱਖਣ।
ਆਪਣੇ ਪ੍ਰਧਾਨਗੀ ਭਾਸ਼ਨ ’ਚ ਡਾ. ਰਾਜੇਸ਼ ਮੋਹਨ ਨੇ ਕਿਹਾ ਕਿ ਸ਼ਾਇਰੀ ਤੇ ਗੀਤਕਾਰੀ ਦੋਨੋਂ ਹੀ ਇਕ-ਦੂਜੇ ਦੀਆਂ ਪੂਰਕ ਹਨ। ਜਿੰਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਹੈ। ਦੋਨੋਂ ਹੀ ਵਿਧਾਵਾਂ ’ਚੋਂ ਸੰਗੀਤ ਉਪਜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਬਡ਼ੀ ਅਮੀਰ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਲੈ ਕੇ ਵੱਖ-ਵੱਖ ਯੁੱਗ ਕਵੀਆਂ ਦੀਆਂ ਰਚਨਾਵਾਂ ’ਚੋਂ ਉਪਜਦਾ ਸੰਗੀਤ ਸਾਡੇ ਜੀਵਨ ਨੂੰ ਸੂਖਮਤਾ ਅਤੇ ਸਹਿਜ ਪ੍ਰਦਾਨ ਕਰਦਾ ਹੈ।
ਮੁੱਖ ਮਹਿਮਾਨ ਡਾ. ਸੁਰਿੰਦਰ ਗਿੱਲ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ‘ਬਾਤਰੰਨੁਮ ਕਵੀ ਦਰਬਾਰ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਵਾਇਤ ਕਾਇਮ ਰੱਖਣੀ ਚਾਹੀਦੀ ਹੈ, ਜਿਸ ਨਾਲ ਸਾਡੇ ਕਾਵਿ ਦੇ ਸਰੋਤਿਆਂ ਦਾ ਘੇਰਾ ਵਿਸ਼ਾਲ ਹੋਵੇਗਾ। ਸਾਡੀ ਨਵੀਂ ਪੀਡ਼੍ਹੀ ਨੂੰ ਸਿਹਤਮੰਦ ਸਾਹਿਤ ਨਾਲ ਜੁਡ਼ਨ ਦੇ ਮੌਕੇ ਮਿਲਣਗੇ। ਉਨ੍ਹਾਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਇਕ ਨਜ਼ਮ ਰਾਹੀਂ ਯਾਦ ਕੀਤਾ।
ਸਮਾਗਮ ਦੌਰਾਨ ਨਾਮਵਰ ਕਵੀ ਤ੍ਰੈਲੋਚਨ ਲੋਚੀ, ਪ੍ਰਮੋਦ ਕਾਫ਼ਿਰ, ਡਾ. ਸੁਰਿੰਦਰ ਗਿੱਲ, ਡਾ. ਰਾਜੇਸ਼ ਮੋਹਨ, ਡਾ. ਅਜੀਤਪਾਲ ਜਟਾਣਾ, ਕਰਨਜੀਤ ਸਿੰਘ, ਸ਼ਬਦੀਸ਼, ਅਵਾਤਰਜੀਤ ਅਟਵਾਲ, ਧਰਮ ਕੰਮੇਆਣਾ, ਜਸਵਿੰਦਰ ਚਾਹਲ ਮਾਨਸਾ, ਪਵਨਦੀਪ ਚੌਹਾਨ, ਕੁਲਵਿੰਦਰ ਕੁੱਲਾ, ਡਾ. ਆਸ਼ਾ ਕਿਰਨ, ਗੁਰਜੰਟ ਰਾਜੇਆਣਾ, ਮਨਦੀਪ ਲੁਧਿਆਣਾ ਤੇ ਸੁਰ ਇੰਦਰ ਨੇ ਆਪੋ-ਆਪਣੇ ਕਲਾਮ ਪੇਸ਼ ਕਰ ਕੇ ਮਾਹੌਲ ਨੂੰ ਕਾਵਿਕ ਬਣਾ ਦਿੱਤਾ।
ਜ਼ਿਲਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ। ਸਮਾਗਮ ਦੇ ਆਯੋਜਕ ਪੰਜਾਬੀ ਵਿਕਾਸ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਾਰੇ ਕਵੀਆਂ ਤੇ ਮਹਿਮਾਨਾਂ ਨੂੰ ਵਿਭਾਗ ਵੱਲੋਂ ਸ਼ਾਲਾਂ ਨਾਲ ਸਨਮਾਨ ਦਿੱਤਾ ਗਿਆ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਖੋਜ ਅਫ਼ਸਰ ਨੇ ਕੀਤਾ। ਇਸ ਮੌਕੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ, ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪ੍ਰਿੰ. ਮਨਮੋਹਨ ਸਿੰਘ, ਗੁਰਵਿੰਦਰ ਅਮਨ, ਨਵਦੀਪ ਮੁੰਡੀ, ਅਮਰਜੀਤ ਵਡ਼ੈਚ ਸਮੇਤ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।