ਅੰਮ੍ਰਿਤਸਰ, 17- ਅੱਜ ਤੜਕੇ ਕਰੀਬ 3 ਵਜੇ ਪੰਜਾਬ ਦੇ ਇਸਲਾਮਾਬਾਦ ਪੁਲਸ ਸਟੇਸ਼ਨ ਨੇੜੇ ਇਲਾਕੇ ਦੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ । ਇਸਲਾਮਾਬਾਦ ਥਾਣੇ ਦੇ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਅਸੀਂ ਵੀ ਆਵਾਜ਼ ਸੁਣੀ ਪਰ ਥਾਣੇ ਅੰਦਰ ਕੋਈ ਧਮਾਕਾ ਨਹੀਂ ਹੋਇਆ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਧਮਾਕਾ ਕਿੱਥੇ ਹੋਇਆ? ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਕੰਧ ‘ਤੇ ਲੱਗੀ ਤਸਵੀਰ ਵੀ ਡਿੱਗ ਗਈ।
ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਥਾਣੇ ਪੁੱਜੇ। ਉਨ੍ਹਾਂ ਕਿਹਾ ਕਿ ਅਸੀਂ ਥਾਣੇ ਦੇ ਅੰਦਰ ਹੀ ਹਾਂ। ਥਾਣੇ ਦੇ ਅੰਦਰ ਕੋਈ ਧਮਾਕਾ ਨਹੀਂ ਹੋਇਆ ਪਰ ਅਸੀਂ ਜਾਂਚ ਕਰ ਰਹੇ ਹਾਂ। ਅੱਜ ਸਵੇਰੇ ਧਮਾਕੇ ਦੀ ਆਵਾਜ਼ ਜ਼ਰੂਰ ਸੁਣੀ। ਅਸੀਂ ਹਾਲ ਹੀ ਵਿੱਚ ਯੂਏਪੀਏ ਦੇ ਤਹਿਤ 10 ਲੋਕਾਂ ਨੂੰ ਗ੍ਰਿਫਤਾਰ ਕਰਕੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜੋ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਅਜਿਹਾ ਲਗਦਾ ਹੈ ਕਿ ਨਿਰਾਸ਼ਾ ਦੇ ਆਲਮ ਵਿਚ ਇਹ ਲੋਕ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਬਾਕੀ ਬਚੇ ਲੋਕਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਵਾਂਗੇ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਗੈਂਗਸਟਰ ਦੀ ਪੋਸਟ
ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਗੈਂਗਸਟਰ ਜੀਵਨ ਫੌਜੀ ਨੇ ਇਸਲਾਮਾਬਾਦ ਪੁਲਸ ਸਟੇਸ਼ਨ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
