ਚੰਡੀਗੜ੍ਹ, 9 ਦਸੰਬਰ : ਅੱਜ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਐਤਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 1.6 ਡਿਗਰੀ ਅਤੇ ਚੰਡੀਗੜ੍ਹ ਵਿੱਚ 2.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।
ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਜ਼ਿਲਿਆਂ ‘ਚ ਬਰਫਬਾਰੀ ਹੋ ਰਹੀ ਹੈ। ਠੰਡੀਆਂ ਹਵਾਵਾਂ ਹੁਣ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਵੱਧ ਰਹੀਆਂ ਹਨ। ਜਿਸ ਕਾਰਨ ਹੁਣ ਠੰਡ ਹੋਰ ਵੱਧ ਜਾਵੇਗੀ। ਮੌਸਮ ਵਿਭਾਗ ਨੇ ਹੁਣ 11 ਦਸੰਬਰ ਅਤੇ ਇਸ ਤੋਂ ਬਾਅਦ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਦਰਅਸਲ, ਪੱਛਮੀ ਗੜਬੜੀ ਐਕਟਿਵ ਹੈ। ਜਿਸ ਕਾਰਨ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਅਤੇ ਬਰਫਬਾਰੀ ਹੋਈ। ਉੱਥੇ ਹੀ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਅਤੇ ਮਲੇਰਕੋਟਲਾ ਵਿੱਚ ਧੁੰਦ ਦਾ ਅਲਰਟ ਹੈ।
