ਪਾਵਰਕਾਮ ਦੇ ਡਾਇਰੈਕਟਰ ਐਡਮਿਨ ਨੇ ਜੀ. ਜੀ. ਐੱਸ. ਐੱਸ. ਟੀ. ਪੀ. ਰੂਪਨਗਰ ਦਾ ਕੀਤਾ ਦੌਰਾ

ਵਰਕਰਾਂ ਦੀਆਂ ਸ਼ਿਕਾਇਤਾਂ ਸੁਣਕੇ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ

ਰੂਪਨਗਰ-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਮੰਗਲਵਾਰ ਨੂੰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ (ਜੀ. ਜੀ. ਐੱਸ. ਐੱਸ. ਟੀ. ਪੀ.), ਰੂਪਨਗਰ ਦਾ ਦੌਰਾ ਕੀਤਾ ਅਤੇ ਵੱਖ-ਵੱਖ ਅਹਿਮ ਮੀਟਿੰਗਾਂ ਕੀਤੀਆਂ।

ਅੱਜ ਇਥੇ ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਦੌਰੇ ਦੌਰਾਨ ਡਾਇਰੈਕਟਰ ਐਡਮਿਨ ਨੇ ਥਰਮਲ ਵਰਕਰ ਸੰਘਰਸ਼ ਕਮੇਟੀ ਅਤੇ ਕੰਟ੍ਰੈਕਟ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵਰਕਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਠੇਕਾ ਕਾਮਿਆਂ ਦੀਆਂ ਜਾਇਜ਼ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਵੀ ਵਿਧਾਇਕ ਦਿਨੇਸ਼ ਚੱਢਾ ਨਾਲ ਮੀਟਿੰਗ ਕੀਤੀ। ਵਿਧਾਇਕ ਚੱਢਾ ਦੇ ਧਿਆਨ ’ਚ ਲਿਆਂਦਾ ਕਿ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਸੁਆਹ ਨਾਲ ਭਰੇ ਟਿੱਪਰਾਂ ਨੂੰ ਲਿਜਾਣ ’ਚ ਮਜ਼ਦੂਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਦਖਲ ਦੇ ਕੇ ਸੜਕਾਂ ’ਤੇ ਟਿੱਪਰਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਜਲਦੀ ਤੋਂ ਜਲਦੀ ਸੜਕਾਂ ਦੀ ਮੁਰੰਮਤ ਕਰਵਾਉਣ। ਡਾਇਰੈਕਟਰ ਪ੍ਰਸ਼ਾਸਨ ਨੇ ਆਸ ਪ੍ਰਗਟਾਈ ਕਿ ਸੜਕਾਂ ਦਾ ਮਸਲਾ ਜਲਦੀ ਹੱਲ ਹੋ ਜਾਵੇਗਾ।

ਇਸ ਮੌਕੇ ਜੀ. ਜੀ. ਐੱਸ. ਐੱਸ. ਟੀ. ਪੀ. ਰੂਪਨਗਰ ਦੇ ਮੁੱਖ ਇੰਜੀਨੀਅਰ ਇੰਜੀ: ਹਰੀਸ਼ ਸ਼ਰਮਾ ਅਤੇ ਹੋਰ ਡਿਪਟੀ ਚੀਫ ਇੰਜੀਨੀਅਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *