ਡੇਰਾ ਬਾਬਾ ਨਾਨਕ, 9 ਦਸੰਬਰ -ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦੇ ਸੱਕੀ ਨਾਲੇ ’ਤੇ ਟਰੈਕਟਰ ਪਲਟਣ ਨਾਲ 2 ਵਿਅਕਤੀਆਂ ਦੀ ਮੌਤ ਅਤੇ 4 ਮਜ਼ਦੂਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਪਿੰਡ ਦੇ ਕਿਸਾਨ ਆਗੂ ਆਜ਼ਾਦ ਸਿੰਘ, ਗਗਨਦੀਪ ਸਿੰਘ, ਮਨਜਿੰਦਰ ਸਿੰਘ ਨੰਬਰਦਾਰ, ਪ੍ਰਦੀਪ ਸਿੰਘ, ਹਰਵਿੰਦਰ ਸਿੰਘ, ਤਰਸੇਮ ਸਿੰਘ, ਸੁਰਿੰਦਰ ਪਾਲ ਸਿੰਘ ਪਟਵਾਰੀ ਆਦਿ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ (75) ਪੁੱਤਰ ਸੋਹਨ ਸਿੰਘ ਆਪਣੇ ਟਰੈਕਟਰ ’ਤੇ ਖਾਦ ਲੱਦ ਕੇ 5 ਮਜ਼ਦੂਰਾਂ ਨੂੰ ਨਾਲ ਲੈ ਕੇ ਸ਼ੱਕੀ ਨਾਲੇ ਤੋਂ ਪਾਰ ਆਪਣੇ ਕਣਕ ਦੇ ਖੇਤਾਂ ਨੂੰ ਖਾਦ ਪਾਉਣ ਲਈ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਇਨ੍ਹਾਂ ਦਾ ਟਰੈਕਟਰ ਸ਼ਾਹਪੁਰ ਜਾਜਨ ਪੁਲ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇਕਦਮ ਸੰਤੁਲਨ ਵਿਗੜਨ ਦੇ ਨਾਲ ਸ਼ੱਕੀ ਨਾਲੇ ਵਾਲੇ ਪਾਸੇ ਨੀਵੀਂ ਜਗ੍ਹਾ ’ਤੇ ਪਲਟ ਗਿਆ, ਜਿਸ ’ਚ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਕਿ 2 ਵਿਅਕਤੀ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਅਤੇ ਮੰਗਾਂ ਮਸੀਹ ਪੁੱਤਰ ਪਿਆਰਾ ਮਸੀਹ ਪਿੰਡ ਰੜੇਵਾਲੀ ਦੀ ਮੌਤ ਹੋ ਗਈ ਹੈ ਅਤੇ ਬਾਕੀ 4 ਵਿਅਕਤੀ ਜ਼ੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।