ਲੱਖਾਂ ਦਾ ਸਾਮਾਨ ਕੀਤਾ ਚੋਰੀ
ਭਵਾਨੀਗੜ੍ਹ – ਜ਼ਿਲਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਪਿੰਡ ਗਹਿਲਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਕੋਆਪ੍ਰਟਿਵ ਸੋਸਾਇਟੀ ਦੇ ਜ਼ਿੰਦਰੇ ਤੋੜਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਸੋਸਾਇਟੀ ਦੇ ਸਕੱਤਰ ਜਸਕਰਨ ਸਿੰਘ ਨੇ ਪੁਲੀਸ ਚੌਕੀ ਜੌਲੀਆਂ ਵਿਖੇ ਸ਼ਿਕਾਇਤ ਲਿਖਾਈ ਕਿ ਉਹ ਜਦੋਂ 14 ਜਨਵਰੀ ਨੂੰ ਸੋਸਾਇਟੀ ਵਿਖੇ ਡਿਊਟੀ ’ਤੇ ਆਇਆ ਤਾਂ ਦਫਤਰ ਦੇ ਮੁੱਖ ਦਰਵਾਜ਼ੇ ਦਾ ਜ਼ਿੰਦਰਾ ਟੁੱਟਿਆ ਹੋਇਆ ਸੀ ਅਤੇ ਦੂਜੇ ਦਰਵਾਜ਼ੇ ਦੀ ਕੁੰਡੀ ਕਟਰ ਨਾਲ ਵੱਢੀ ਹੋਈ ਸੀ। ਉਨ੍ਹਾਂ ਦਫਤਰ ਅੰਦਰ ਜਾ ਕੇ ਦੇਖਿਆ ਤਾਂ ਦਫਤਰ ’ਚੋਂ 43 ਇੰਚ ਐੱਲ. ਈ. ਡੀ., 2 ਕੰਪਲੀਟ ਕੰਪਿਊਟਰ ਸੈੱਟ, ਸ਼ਰਫ਼ ਦਾ ਪੈਕਟ, ਚਾਹਪੱਤੀ, ਸਟੇਸ਼ਨਰੀ ਅਤੇ ਸੋਸਾਇਟੀ ਨੂੰ ਕੇਂਦਰ ਸਰਕਾਰ ਵੱਲੋਂ ਭੇਜੇ ਡੱਬਾ ਬੰਦ ਕੰਪਿਊਟਰ ਸੈੱਟ ਆਦਿ ਕੀਮਤੀ ਸਮਾਨ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ।
ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
