ਮੇਰੀ ਜਾਨ ਤੋਂ ਜ਼ਿਆਦਾ 7 ਲੱਖ ਖੁਦਕੁਸੀ ਕਰ ਚੁਕੇ ਕਿਸਾਨਾਂ ਦੇ ਪਰਿਵਾਰ ਤੇ ਹੋਰ ਲੱਖਾਂ ਕਿਸਾਨਾ ਦੀਆਂ ਜਿੰਦਗੀਆਂ ਬਚਾਉਣੀਆਂ ਜ਼ਰੂਰੀ : ਡੱਲੇਵਾਲ
– ਪ੍ਰਧਾਨ ਮੰਤਰੀ ਨੇ ਕੀਤੀ ਕਿਸਾਨਾਂ ਦੇ ਮੁੱਦੇ ‘ਤੇ ਹੰਗਾਮੀ ਮੀਟਿੰਗ
ਖਨੌਰੀ, 15 ਦਸੰਬਰ : ਮਾਣਯੋਗ ਸਪੁਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਖਨੌਰੀ ਬਾਰਡਰ ‘ਤੇ ਪਿਛਲੇ 20 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਪੁੱਜੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਤੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਡਲੇਵਾਲ ਨੇ ਮਰਨ ਵਰਤ ਤੋੜਨ ਤੋਂ ਕੋਰਾ ਜਵਾਬ ਦੇ ਦਿੱਤਾ।
ਕਿਸਾਨ ਨੇਤਾ ਡੱਲੇਵਾਲ ਨੇ ਆਖਿਆ ਕਿ ਉਨ੍ਹਾ ਦੀ ਜਿੰਦਗੀ ਨਾਲੋ ਪਿਛਲੇ ਦੋ ਦਹਾਕਿਆਂ ਦੌਰਾਨ ਖੁਦਕੁਸ਼ੀ ਕਰ ਚੁਕੇ 7 ਲੱਖ ਕਿਸਾਨਾਂ ਦੇ ਪਰਿਵਾਰਾਂ ਅਤੇ ਹੋਰ ਲੱਖਾਂ ਕਿਸਾਨਾਂ ਦੀਆਂ ਜਿੰਦਗੀਆਂ ਬਚਾਉਣ ਲਈ ਕਿਸਾਨਾ ਦੀਆਂ ਮੰਗਾਂ ਨੂੰ ਮਨਵਾਉਣਾ ਬੇਹਦ ਜ਼ਰੂਰੀ।
ਦੂਸਰੇ ਪਾਸੇ ਮਿਲੀ ਜਾਣਕਾਰੀ ਅਨੁਸਾਰ ਲੰਘੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਮੁਦੇ ਨੂੰ ਲੈ ਕੇ ਹੰਗਾਮੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ, ਭਾਜਪਾ ਪ੍ਰਧਾਨ ਜੇਪੀ ਨਢਾ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੀ ਹਾਜ਼ਰ ਰਹੇ ਹਨ। ਇਸ ਹੰਗਾਮੀ ਮੀਟਿੰਗ ਤੋਂ ਬਾਅਦ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਕੇਂਦਰ ਨਾਲ ਗੱਲਬਾਤ ਜਲਦ ਸ਼ੁਰੂ ਹੋ ਸਕਦੀ ਹੈ।
ਉਧਰੋ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਵਧਦਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਬਲਡ ਪ੍ਰੈਸਰ 78/48 ਆ ਚੁਕਾ ਹੈ। ਜਗਜੀਤ ਸਿੰਘ ਡਲੇਵਾਲ ਨੇ ਇਸ ਕੇਂਦਰੀ ਵਫਦ, ਡੀਜੀਪੀ ਪੰਜਾਬ ਤੇ ਹੋਰ ਨੇਤਾਵਾਂ ਨੂੰ ਆਖਿਆ ਕਿ ਜੇਕਰ ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਨਾਂ ਨੂੰ ਮੇਰੀ ਜਿੰਦਗੀ ਦੀ ਏਨੀ ਹੀ ਪਰਵਾਹ ਹੈ ਤਾਂ ਐਮਐਸਪੀ ਸਮੇਤ ਕਿਸਾਨਾਂ ਦੀਆਂ ਅਹਿਮ ਮੰਗਾਂ ਮੰਨੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕੇ। ਉਨਾਂ ਵਫਦ ਨੂੰ ਸਪੱਸ਼ਟ ਆਖਿਆ ਕਿ ਮੰਗਾਂ ਸਬੰਧੀ ਉਹ ਪਹਿਲਾਂ ਪ੍ਰਧਾਨ ਮੰਤਰੀ ਨੂੰ ਖੁਲਾ ਖਤ ਵੀ ਲਿਖ ਚੁਕੇ ਹਨ।
ਡੱਲੇਵਾਲ ਨੇ ਇਹ ਵੀ ਆਖਿਆ ਕਿ ਤੁਸੀ ਮੇਰੀ ਜਿੰਦਗੀ ਬਚਾਉਣ ਤਾਂ ਆ ਗਏ ਹੋ ਪਰ ਤੁਸੀ ਕਿਸਾਨਾਂ ਦੀਆਂ ਮੰਗਾਂ ਲਈ ਕਿਹੜੀ ਪਰਪੋਜਲ ਲੈ ਕੇ ਆਏ ਹੋ, ਉਹ ਦੱਸਣ ਲਈ ਤਿਆਰ ਨਹੀਂ ਹੋ। ਡੱਲੇਵਾਲ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਨੂੰ ਮੇਰੀ ਇਨੀ ਹੀ ਚਿੰਤਾ ਹੈ ਤਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੁਰੀਆਂ ਕਰਨ ਸਬੰਧੀ ਹੁਕਮ ਵੀ ਜਾਰੀ ਕਰੇ।
ਕਿਸਾਨਾਂ ਤੇ ਕੇਂਦਰ ਵਿਚਕਾਰ ਜਲਦ ਹੀ ਉਸਾਰੂ ਗੱਲਬਾਤ ਸ਼ੁਰੂ ਹੋ ਸਕਦੀ : ਗੌਰਵ ਯਾਦਵ, ਮਯੰਕ ਮਿਸ਼ਰਾ
ਇਸ ਤੋ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਕੇਂਦਰ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਨੇ ਗੱਲਬਾਤ ਕਰਦਿਆਂ ਸੰਭਾਵਨਾ ਜਤਾਈ ਕਿ ਕਿਸਾਨਾਂ ਤੇ ਕੇਂਦਰ ਵਿਚਕਾਰ ਜਲਦ ਹੀ ਉਸਾਰੂ ਗੱਲਬਾਤ ਸ਼ੁਰੂ ਹੋ ਸਕਦੀ ਹੈ। ਇਸ ਮੌਕੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਸੀ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਜਾਰੀ ਇਸ ਸੰਘਰਸ਼ ਨੂੰ ਨੇਪਰੇ ਚੜ੍ਹਾਉਣ ਲਈ ਡੱਲੇਵਾਲ ਵਰਗੇ ਸੁਲਝੇ ਕਿਸਾਨ ਆਗੂਆਂ ਦੀ ਅਗਵਾਈ ਦੀ ਦੇਸ਼, ਪੰਜਾਬ ਅਤੇ ਖ਼ਾਸਕਰ ਕਿਸਾਨੀ ਨੂੰ ਬਹੁਤ ਜ਼ਰੂਰਤ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨਹੀਂ ਚਾਹੁੰਦੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੁੜਵਾਉਣ ਲਈ ਕੋਈ ਜ਼ੋਰਜ਼ਬਰਦਸਤੀ ਕੀਤੀ ਜਾਵੇ। ਇਸ ਕਰ ਕੇ ਹੀ ਉਹ ਅੱਜ ਇੱਥੇ ਉਚੇਚੇ ਤੌਰ ਤੇ ਡੱਲੇਵਾਲ ਨੂੰ ਮਰਨ ਵਰਤ ਤਿਆਗਣ ਦੀ ਅਪੀਲ ਕਰਨ ਆਏ ਹਨ, ਤਾਂ ਜੋ ਉਨ੍ਹਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਸੁਪਰੀਮ ਕੋਰਟ ਵੱਲੋਂ ਵੀ ਡੱਲੇਵਾਲ ਦਾ ਪੂਰਾ ਖਿਆਲ ਰੱਖਣ ਦੀ ਹਦਾਇਤ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਕੀਤੀ ਗਈ ਹੈ, ਜਿਸ ਦੇ ਚਲਦਿਆਂ ਡਾਕਟਰੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਇਸੇ ਸਭ ਕਾਸੇ ਦਾ ਮੁਆਇਨਾ ਲੈਣਵੀ ਉਹ ਇਥੇ ਪੁੱਜੇ ਹਨ।
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਜਾਨ ਨੂੰ ‘ਬੇਹੱਦ ਕੀਮਤੀ’ ਕਰਾਰ ਦਿੰਦਿਆਂ ਉਨ੍ਹਾਂ ਦੀ ਸਿਹਤ ਵਿਚ ਨਿਘਾਰ ਉਤੇ ਫ਼ਿਕਰਮੰਦੀ ਦਾ ਇਜ਼ਾਹਰ ਕੀਤਾ ਸੀ। ਸਿਖਰਲੀ ਅਦਾਲਤ ਨੇ ਦੋਵਾਂ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਉਨ੍ਹਾਂ ਨੂੰ ਮਿਲਣ ਤੇ ਆਪਣਾ ਮਰਨ ਵਰਤ ਖ਼ਤਮ ਕਰਨ ਵਾਸਤੇ ਮਨਾਉਣ ਲਈ ਕਿਹਾ ਸੀ।
ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਡੀਜੀਪੀ ਨੇ ਮੋਰਚੇ ਵਿੱਚ ਸ਼ਾਮਿਲ ਸੀਨੀਅਰ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਤੇ ਹੋਰਨਾਂ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਇਸ ਵਫਦ ਨਾਲ ਪੰਜਾਬ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਤੇ ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਵੀ ਮੌਜੂਦ ਰਹੇ।
