ਪਿਤਾ ਦੇ ਹੱਥਾਂ ’ਚ ਇਕਲੌਤੇ ਪੁੱਤਰ ਨੇ ਤੋੜਿਆ ਦਮ
ਮੁੱਲਾਂਪੁਰ ਦਾਖਾ (ਲੁਧਿਆਣਾ)- ਸਵੇਰੇ 7 ਵਜੇ ਦੇ ਕਰੀਬ ਪਿੰਡ ਕਰੀਮਪੁਰਾ ਦੇ ਇਕ ਕਿਸਾਨ ਰਣਧੀਰ ਸਿੰਘ ਦੇ ਵਿਹੜੇ ’ਚ ਆਵਾਰਾ ਖੂੰਖਾਰ ਕੁੱਤਿਆਂ ਦਾ ਝੁੰਡ ਆ ਗਿਆ, ਜਿੱਥੇ ਉਸ ਦੇ ਇਕਲੌਤੇ ਪੁੱਤਰ ਹਰਸੁਖਪ੍ਰੀਤ ਸਿੰਘ (11) ਨੂੰ ਘਸੀਟ ਕੇ ਖੇਤਾਂ ’ਚ ਲੈ ਗਿਆ, ਜਿਸ ਦਾ ਪਤਾ ਲੱਗਦਿਆਂ ਉਸਦੇ ਪਿਤਾ ਨੇ ਉਸਨੂੰ ਬਚਾਉਣ ਲਈ ਕਾਫੀ ਭੱਜ-ਦੌੜ ਕੀਤੀ। ਕੁੱਤਿਆਂ ਨੇ ਕਈ ਵਾਰ ਉਸ ਉੱਪਰ ਵੀ ਹਮਲਾ ਬੋਲਿਆ। ਆਖਿਰਕਾਰ ਆਪਣੇ ਪੁੱਤਰ ਨੂੰ ਆਦਮਖੋਰ ਕੁੱਤਿਆਂ ਤੋਂ ਛੁਡਵਾਇਆ ਤਾਂ ਉਸ ਦੇ ਹੱਥਾਂ ’ਚ ਹੀ ਉਸ ਦੇ ਜਿਗਰ ਦੇ ਟੋਟੇ ਨੇ ਦਮ ਤੋੜ ਦਿੱਤਾ।
ਇਸ ਦੌਰਾਨ ਸੂਚਨਾ ਮਿਲਦਿਆਂ ਹੀ ਪਿੰਡ ਭਨੋਹੜ ਦੇ ਸਰਪੰਚ ਬੂਟਾ ਸਿੰਘ, ਹਸਨਪੁਰ ਦੇ ਸਰਪੰਚ ਹਰਜੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਪਿੰਡ ਕਰੀਮਪੁਰਾ ਆਦਿ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਫਿਰ ਨੈਸ਼ਨਲ ਹਾਈਵੇਅ ਜਗਰਾਓਂ-ਲੁਧਿਆਣਾ ਉੱਪਰ ਚੱਕਾ ਜਾਮ ਕਰ ਦਿੱਤਾ, ਜਿਸ ਕਾਰਨ ਦੋਵੇਂ ਪਾਸੇ ਇਕ-ਇਕ ਕਿਲੋਮੀਟਰ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।
ਥਾਣਾ ਦਾਖਾ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਅਤੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਮੌਕਾ ਵਾਰਦਾਤ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਯਤਨ ਕੀਤਾ ਪਰ ਧਰਨਾਕਾਰੀ ਸਿਵਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਿਨਾਂ ਧਰਨਾ ਚੁੱਕਣ ਲਈ ਤਿਆਰ ਨਹੀਂ ਹੋਏ। ਆਖਿਰਕਾਰ ਏ. ਡੀ. ਸੀ. ਕੁਲਪ੍ਰੀਤ ਸਿੰਘ ਨੇ ਪਰਿਵਾਰ ਅਤੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾ ਕੇ ਧਰਨਾ ਚੁਕਵਾਇਆ।
ਜਿਕਰਯੋਗ ਹੈ ਕਿ ਇਹ ਹਫਤੇ ’ਚ ਦੂਜੀ ਵਾਰਦਾਤ ਹੈ, ਜਦੋਂਕਿ ਲਾਗਲੇ ਪਿੰਡ ਹਸਨਪੁਰ ਵਿਖੇ ਪ੍ਰਵਾਸੀ ਮਜ਼ਦੂਰ ਦਾ ਨਾਬਾਲਗ ਬੱਚਾ ਕੁਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸੀ।
