ਗਿੱਦੜਬਾਹਾ : ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21969 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ, ਜਦੋਂਕਿ 4 ਵਾਰ ਗਿੱਦੜਬਾਹਾ ਤੋਂ ਵਿਧਾਇਕ ਰਹੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਆਪਣੀ ਜ਼ਮਾਨਤ ਤੱਕ ਵੀ ਨਹੀਂ ਬਚਾ ਸਕੇ। ਮਨਪ੍ਰੀਤ ਬਾਦਲ ਨੂੰ ਸਿਰਫ 12227 ਵੋਟਾਂ ਹੀ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੁਖਰਾਜ ਕਰਨ ਸਿੰਘ ਨਿਆਮੀਵਾਲਾ ਨੂੰ ਸਿਰਫ 715 ਵੋਟਾਂ ਹੀ ਮਿਲੀਆਂ, ਜਦੋਂ ਕਿ ਨੋਟਾ ਨੂੰ 889 ਲੋਕਾਂ ਨੇ ਵੋਟ ਪਈ। ਬਾਕੀ ਦੇ ਸਾਰੇ ਅਾਜ਼ਾਦ ਉਮੀਦਵਾਰਾਂ ’ਚੋਂ ਕੋਈ ਵੀ 1000 ਦਾ ਅੰਕੜਾ ਪਾਰ ਨਹੀਂ ਕਰ ਸਕਿਆ।
ਇਸ ਜਿੱਤ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਜੋ ਪਿਆਰ ਅਤੇ ਵਿਸ਼ਵਾਸ ਗਿੱਦੜਬਾਹਾ ਦੇ ਲੋਕਾਂ ਨੇ ਉਨ੍ਹਾਂ ਨੂੰ ਦਿੱਤਾ ਹੈ, ਉਸਦਾ ਦੇਣ ਉਹ ਸਾਰੀ ਜ਼ਿੰਦਗੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ’ਤੇ ਖਰੇ ਉਤਰਨਗੇ ਅਤੇ ਹਲਕੇ ਦੇ ਵਿਕਾਸ ਵਿਚ ਕੋਈ ਵੀ ਅਸਰ ਬਾਕੀ ਨਹੀਂ ਰਹਿਣ ਦੇਣਗੇ।