ਹਰਿਆਣਾ ਬਾਰਡਰ ਖੋਲ੍ਹੇ, ਅਸੀ ਸ਼ਾਂਤੀ ਨਾਲ ਦਿੱਲੀ ਜਾਵਾਂਗੇ : ਕਿਸਾਨ ਆਗੂ ਪੰਧੇਰ
ਕਿਹਾ- ਰਾਮਲੀਲਾ ਜਾਂ ਜੰਤਰ ਮੰਤਰ ਜਾਂ ਸਿੰਘੂ ਬਾਰਡਰ ਜਿਥੇ ਕਿਤੇ ਵੀ ਸਰਕਾਰ ਥਾਂ ਦੇਵੇਗੀ, ਮੋਰਚਾ ਉੱਥੇ ਲਗੇਗਾ
ਅੰਬਾਲਾ : ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਤੇ ਦਿੱਲੀ ਕੂਚ ਦੇ ਸੱਦੇ ਨੂੰ ਲੈ ਕੇ ਅੱਜ ਹਰਿਆਣਾ ਪੁਲਸ ਤੇ ਕਿਸਾਨਾਂ ਵਿਚਕਾਰ ਅੰਬਾਲਾ ਵਿਖੇ ਐੱਸ. ਪੀ. ਦੀ ਅਗਵਾਈ ਵਿਚ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਹਰਿਆਣਾ ਬਾਰਡਰ ਖੋਲ੍ਹੇ ਅਸੀ ਪੂਰੀ ਸ਼ਾਂਤੀ ਨਾਲ ਦਿੱਲੀ ਜਾਵਾਂਗੇ ਤੇ ਸ਼ਾਂਤਮਈ ਢੰਗ ਨਾਲ ਹੀ ਪ੍ਰਦਰਸ਼ਨ ਕਰਾਂਗੇ।
ਪੰਧੇਰ ਨੇ ਆਖਿਆ ਕਿ ਹਰਿਆਣਾ ਪੁਲਸ ਨੇ ਸਾਨੂੰ ਭਰੋਸਾ ਦਵਾਇਆ ਕਿ ਉਹ ਕੱਲ ਨੂੰ ਸਾਰੇ ਉਚ ਅਧਿਕਾਰੀਆਂ ਦੀ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਮੰਗਾਂ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ।
ਦਿੱਲੀ 6 ਦਸੰਬਰ ਤੋਂ ਪੈਦਲ ਕੂਚ ਕਰੇਗਾ 50 ਤੋਂ 100 ਮੈਂਬਰਾਂ ਦਾ ਜਥਾ
ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਅਸੀਂ ਐੱਸ. ਪੀ. ਅੰਬਾਲਾ ਤੇ ਹੋਰ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਅਸੀ ਆਪਣੀਆਂ ਮੰਗਾਂ ਸਬੰਧੀ ਲੜਾਈ ਲੜ ਰਹੇ ਹਾਂ। ਸਾਡਾ ਹਰਿਆਣਾ ਪੁਲਸ ਨਾਲ ਕੋਈ ਰੋਲਾ ਨਹੀਂ ਹੈ। ਹਰਿਆਣਾ ਪੁਲਸ ਅਤੇ ਪ੍ਰਸ਼ਾਸਨ ਬਾਰਡਰਾਂ ਨੂੰ ਖੋਲ੍ਹ ਦੇਵੇ, ਅਸੀਂ ਉਨ੍ਹਾਂ ਨੂੰ ਗਾਰੰਟੀ ਲਿਖਤੀ ਰੂਪ ਵਿਚ ਦਿੰਦੇ ਹਾਂ ਕਿ ਸਾਡੇ ਜਥੇ ਜਿਨ੍ਹਾਂ ਦੀ ਗਿਣਤੀ 50 ਤੋਂ 100 ਦੇ ਕਰੀਬ ਹੋਵੇਗੀ, ਪੂਰੇ ਸ਼ਾਂਤਮਈ ਢੰਗ ਨਾਲ ਹਰਿਆਣਾ ਦੇ ਵੱਖ-ਵੱਖ ਚਾਰ ਪੜਾਵਾਂ ’ਚੋਂ ਹੁੰਦੇ ਹੋਏ ਦਿੱਲੀ ਪੁੱਜਣਗੇ।
ਕਿਸਾਨਾਂ ਦਾ ਕੋਈ ਟ੍ਰੈਫਿਕ ਜਾਮ ਜਾਂ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਪ੍ਰੋਗਰਾਮ ਨਹੀਂ
ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 6 ਦਸੰਬਰ ਤੋਂ ਬਾਅਦ ਇਕ ਦਿਨ ਹਰਿਆਣਾ ’ਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਵੀ ਆ ਰਿਹਾ ਹੈ। ਅਸੀਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਜਾਂ ਕਿਸੇ ਵੀ ਟ੍ਰੈਫਿਕ ਨੂੰ ਜਾਮ ਕਰਨ ਦਾ ਕੋਈ ਵੀ ਇਰਾਦਾ ਨਹੀਂ ਰੱਖਦੇ। ਸਾਡਾ ਨਿਸ਼ਾਨਾ ਦਿੱਲੀ ਹੈ। ਅਸੀਂ ਹਰ ਪੜਾਅ ’ਤੇ ਬਿਨਾ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਦਿੱਲੀ ਵੱਲ ਵਧਾਂਗੇ।
ਪੰਧੇਰ ਨੇ ਆਖਿਆ ਕਿ ਅਸੀਂ ਪਹਿਲਾਂ ਹੀ ਦਿੱਲੀ ਪ੍ਰਸ਼ਾਸਨ ਪੁਲਸ ਨੂੰ ਈਮੇਲ ਕਰ ਚੁੱਕੇ ਹਾਂ ਕਿ ਉਨ੍ਹਾਂ ਨੂੰ ਰਾਮਲੀਲਾ ਗਰਾਊਂਡ ਜਾਂ ਜੰਤਰ ਮੰਤਰ ਗਰਾਊਂਡ ਆਪਣਾ ਸੰਘਰਸ਼ ਕਰਨ ਲਈ ਅਲਾਟ ਕੀਤਾ ਜਾਵੇ ਤੇ ਅਜੇ ਤੱਕ ਦਿੰਲੀ ਤੋਂ ਕੋਈ ਰਿਸਪਾਂਸ ਨਹੀਂ ਹੈ ਤੇ ਜੇਕਰ ਦਿੱਲੀ ਪੁਲਸ ਉਨ੍ਹਾਂ ਨੂੰ ਸਿੰਘੂ ਬਾਰਡਰ ’ਤੇ ਵੀ ਰੋਕਦੀ ਹੈ ਤਾਂ ਅਸੀਂ ਉੱਥੇ ਵੀ ਪਹਿਲਾਂ ਵਾਂਗ ਆਪਣਾ ਸੰਘਰਸ਼ ਸ਼ੁਰੂ ਕਰਾਂਗੇ ਪਰ ਅਸੀਂ ਸੜਕਾਂ ਖੁੱਲ੍ਹੀਆਂ ਰਖਾਂਗੇ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਸੰਭੂ ਬਾਰਡਰ ਜਾਂ ਖਨੌਰੀ ਬਾਰਡਰ ’ਤੇ ਕੋਈ ਸੜਕ ਨਹੀਂ ਰੋਕੀ ਹੋਈ। ਸਗੋਂ ਹਰਿਆਣਾ ਵਾਲਿਆਂ ਨੇ ਹੀ 7 ਲੇਅਰਾਂ ਪਾਕੇ ਬਾਰਡਰ ਸੀਲ ਕੀਤੇ ਹਨ।
ਹਰਿਆਣਾ ਪੁਲਸ ਨੇ ਗਸ਼ਤ ਵਧਾਈ
6 ਦਸੰਬਰ ਦੇ ਦਿੱਲੀ ਕੂਚ ਦੇ ਸੱਦੇ ਨੂੰ ਦੇਖਦਿਆਂ ਹਰਿਆਣਾ ਪੁਲਸ ਨੇ ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਜਿਥੇ ਗਸ਼ਤ ਵਧਾਈ ਦਿੱਤੀ ਹੈ, ਉਥੇ ਹੀ ਪੰਜਾਬ ਹਰਿਆਣਾ ਦੇ ਪਿੰਡਾਂ ਨੂੰ ਜੋੜਦਿਆਂ ਰਸਤਿਆਂ ’ਤੇ ਵੀ ਸਪੈਸ਼ਲ ਜਵਾਨਾਂ ਨੂੰ ਤਾਇਨਾਤ ਕਰ ਕੇ ਹਰ ਵਾਹਨ ਦੀ ਚੈਕਿੰਗ ਦੇ ਵੀ ਆਦੇਸ਼ ਦਿੱਤੇ ਹਨ, ਨਾਲ ਹੀ ਟਰੈਕਟਰ-ਟਰਾਲੀਆਂ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੈ।