ਵਿਧਾਇਕ ਦੇਵਮਾਨ ਨੇ ਜੇਤੂ ਟੀਮ ਨੂੰ ਆਪਣੀ ਤਨਖਾਹ ਵਿਚੋਂ ਦਿੱਤਾ ਇਕ ਲੱਖ ਦਾ ਨਕਦ ਇਨਾਮ
ਨਾਭਾ , 22 ਦਸੰਬਰ-ਨਾਭਾ ਵਿਖੇ ਅੱਜ ਜੀ. ਐਸ. ਬੈਂਸ 47ਵੇਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਜਲੰਧਰ ਤੇ ਬੀ. ਐੱਸ. ਐੱਫ. ਵਿਚਾਲੇ ਮੈਚ ਖੇਡਿਆ ਗਿਆ । ਇਸ ਮੈਚ ਵਿਚ ਪੰਜਾਬ ਪੁਲਿਸ ਜਲੰਧਰ ਨੇ ਬੀ. ਐੱਸ. ਐੱਫ. ਨੂੰ 7-5 ਨਾਲ ਹਰਾ ਕੇ ਟਰਾਫੀ ਜਿਤੀ ।
ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਜੇਤੂ ਰਹੀ ਟੀਮ ਨੂੰ ਆਪਣੀ ਤਨਖਾਹ ਵਿੱਚੋਂ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ। ਇਸ ਫਾਈਨਲ ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕੀਤੀ । ਗੈਸਟ ਆਫ ਆਨਰ ਵਜੋਂ ਪੰਜਾਬ ਪਬਲਿਕ ਸਕੂਲ ਦੇ ਹੈਡਮਾਸਟਰ ਡਾ. ਡੀ. ਸੀ. ਸ਼ਰਮਾ ਪਹੁੰਚੇ ।
ਫਾਈਨਲ ਮੈਚ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੇ ਲਗਾਤਾਰ 47 ਸਾਲਾਂ ਤੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ. ਜਿਸਦੇ ਲਈ ਸਮੁੱਚੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਕਿਉਂ ਕਿ ਇੰਨੇ ਲੰਬੇ ਸਮੇਂ ਤੋਂ ਕਿਸੇ ਵੀ ਟੂਰਨਾਮੈਂਟ ਨੂੰ ਲਗਾਤਾਰ ਕਰਵਾਉਣਾ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ।
ਮੈਚ ਦੌਰਾਨ ਬੀ. ਐੱਸ. ਐੱਫ. ਨੇ ਪਹਿਲਾ ਗੋਲ ਕੀਤਾ। ਪੰਜਾਬ ਪੁਲਿਸ ਵੱਲੋਂ ਪੈਨਲਟੀ ਸਰਟਾਕ ਰਾਹੀ ਬਰਾਬਰੀ ਦਾ ਗੋਲ ਕੀਤਾ ਗਿਆ, ਜਿਸ ਨਾਲ ਸਕੋਰ 1-1 ਹੋ ਗਿਆ । ਬੀ. ਐਸ. ਐਫ. ਵੱਲੋਂ ਸ਼ਾਟ ਕਾਰਨਰ ਰਾਹੀ ਦੂਜਾ ਗੋਲ ਕਰ ਕੇ ਟੀਮ ਨੂੰ 2-1 ਦੀ ਬੜਤ ਦਿਵਾ ਦਿੱਤੀ ।
ਬੀ. ਐਸ. ਐਫ. ਵੱਲੋਂ ਤੀਜਾ ਗੋਲ ਕਰ ਕੇ ਆਪਣੀ ਟੀਮ ਨੂੰ 3-1 ਨਾਲ ਬੜਤ ਦਿਵਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਪੰਜਾਬ ਪੁਲਿਸ ਵੱਲੋਂ 2 ਗੋਲ ਕੀਤੇ ਗਏ, ਜਿਸ ਨਾਲ ਸਕੋਰ 3-3 ਹੋ ਗਿਆ । ਮੈਚ ਦੇ ਅੰਤਿਮ ਸਮੇਂ ਤੱਕ ਦੋਵੇਂ ਟੀਮਾਂ 3-3 ਦੇ ਨਾਲ ਬਰਾਬਰ ਰਹੀਆਂ , ਜਿਸ ਕਰ ਕੇ ਮੈਚ ਦਾ ਫੈਸਲਾ ਸ਼ੂਟ ਆਊਟ ਨਾਲ ਹੋਇਆ। ਇਸ ਵਿਚ ਪੰਜਾਬ ਪੁਲਿਸ ਜਲੰਧਰ 7-5 ਨਾਲ ਜੇਤੂ ਰਹੀ ।
ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਜਿਥੇ ਜੇਤੂ ਟੀਮ ਨੂੰ ਵਧਾਈ ਦਿੱਤੀ ਉਥੇ ਹੀ ਉਨਾਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਜੀ ਆਇਆਂ ਨੂੰ ਆਖਿਆ । ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ ਨੇ ਮਹਿਮਾਨਾਂ ਤੇ ਸਾਥੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ।
