ਇਹ ਬੈਚ 15 ਮਾਰਚ ਨੂੰ ਯੂਨੀਵਰਸਿਟੀ ਆਫ ਤੁਰਕੂ ਵਿਖੇ 2 ਹਫ਼ਤਿਆਂ ਦੀ ਸਿਖਲਾਈ ਲਈ ਹੋਵੇਗਾ ਫਿਨਲੈਂਡ ਰਵਾਨਾ
ਪੰਜਾਬ ਵੱਲੋਂ ‘ਟ੍ਰੇਨ ਦਿ ਟ੍ਰੇਨਰ’ ਪ੍ਰੋਗਰਾਮ ਕੀਤਾ ਜਾਵੇਗਾ ਲਾਗੂ : ਸਿੱਖਿਆ ਮੰਤਰੀ
ਚੰਡੀਗੜ੍ਹ -: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰਤ |ਚ ਫਿਨਲੈਂਡ ਦੇ ਰਾਜਦੂਤ ਕਿਮੋ ਲਾਹਦੇਵਿਰਤਾ ਨਾਲ ਮਿਲ ਕੇ ਅੱਜ ਪੰਜਾਬ ਭਵਨ ਵਿਚ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦੇ ਦੂਜੇ ਬੈਚ ਲਈ ਇਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਪਰੰਤ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਧਿਆਪਕਾਂ ਦਾ ਇਹ ਬੈਚ ਯੂਨੀਵਰਸਿਟੀ ਆਫ ਤੁਰਕੂ ਵਿਖੇ ਦੋ ਹਫ਼ਤਿਆਂ ਦੀ ਸਿਖਲਾਈ ਲਈ 15 ਮਾਰਚ ਨੂੰ ਫਿਨਲੈਂਡ ਲਈ ਰਵਾਨਾ ਹੋਵੇਗਾ।
ਪਿਛਲੇ ਸਾਲ 21 ਅਕਤੂਬਰ ਤੋਂ 8 ਨਵੰਬਰ ਤੱਕ ਯੂਨੀਵਰਸਿਟੀ ਆਫ ਤੁਰਕੂ ਵਿਖੇ ਪਹਿਲੇ ਬੈਚ ਦੀ ਸਿਖਲਾਈ ਦੇ ਸਫਲਤਾਪੂਰਵਕ ਮੁਕੰਮਲ ਹੋਣ ਬਾਰੇ ਚਰਚਾ ਕਰਦਿਆਂ ਸਿੱਖਿਆ ਮੰਤਰੀ ਨੇ ਭਾਰਤ ਵਿਚ ਫਿਨਲੈਂਡ ਦੇ ਰਾਜਦੂਤ ਕਿਮੋ ਲਾਹਦੇਵਿਰਤਾ ਅਤੇ ਯੂਨੀਵਰਸਿਟੀ ਆਫ ਤੁਰਕੂ ਦੇ ਮਾਹਿਰਾਂ ਨਾਲ ਸੂਬੇ ਵਿਚ ਸਕੂਲ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਪੰਜਾਬ ਅਤੇ ਫਿਨਲੈਂਡ ਵਿਚਕਾਰ ਸਿੱਖਿਆ ਦੇ ਖੇਤਰ ਵਿਚ ਸਹਿਯੋਗ ਨੂੰ ਹੋਰ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਲਈ ਜਾਣੇ ਜਾਂਦੇ ਫਿਨਲੈਂਡ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।
ਸੂਬੇ ’ਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਸਕੂਲ ਸਿੱਖਿਆ ਮੰਤਰੀ ਨੇ ਫਿਨਲੈਂਡ ਦੇ ਖਾਸ ਕਰ ਕੇ ਮੁੱਢਲੀ ਸਿੱਖਿਆ, ਅਧਿਆਪਕ ਸਿਖਲਾਈ ਅਤੇ ਡਿਜੀਟਲ ਸਿਖਲਾਈ ਵਰਗੇ ਖੇਤਰਾਂ ’ਚ ਨਵੀਨਤਾਕਾਰੀ ਵਿਦਿਅਕ ਅਭਿਆਸਾਂ ਤੋਂ ਸਿੱਖਣ ਵਿਚ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ। ਉਨ੍ਹਾਂ ਅੱਜ ਦੇ ਮੁਕਾਬਲੇ ਦੇ ਯੁੱਗ ’ਚ ਸਫ਼ਲ ਹੋਣ ਲਈ ਲੋੜੀਂਦੇ ਹੁਨਰਾਂ ਨਾਲ ਵਿਦਿਆਰਥੀਆਂ ਨੂੰ ਸਮਰੱਥ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਟੀਚੇ ਨੂੰ ਹਾਸਲ ਕਰਨ ਵਿਚ ਅੰਤਰਰਾਸ਼ਟਰੀ ਸਹਿਯੋਗ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਪੰਜਾਬ ਦੇ ਸਕੂਲ ਅਧਿਆਪਕਾਂ ਵੱਲੋਂ ਸਿੱਖਿਆ ਦੀਆਂ ਨਵੀਆਂ ਵਿਧੀਆਂ ਅਪਣਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ। ਫਿਨਲੈਂਡ ਦੇ ਰਾਜਦੂਤ ਕਿਮੋ ਲਾਹਦੇਵਿਰਤਾ ਨੇ ਸਿੱਖਿਆ ਖੇਤਰ ਵਿਚ ਪੰਜਾਬ ਸਰਕਾਰ ਦੀਆਂ ਭਵਿੱਖਮੁਖੀ ਅਤੇ ਪ੍ਰਗਤੀਸ਼ੀਲ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਨਾਲ ਵਿਦਿਅਕ ਖੇਤਰ ਵਿਚ ਭਾਈਵਾਲੀ ਲਈ ਫਿਨਲੈਂਡ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਿਖਲਾਈ ਪਹਿਲਕਦਮੀਆਂ ਦੇ ਪ੍ਰਭਾਵ ਨੂੰ ਬਰਕਰਾਰ ਰੱਖਣ ਅਤੇ ਇਨ੍ਹਾਂ ’ਚ ਵਾਧਾ ਕਰਨ ਲਈ ‘ਟ੍ਰੇਨ ਦਿ ਟ੍ਰੇਨਰ’ ਪ੍ਰੋਗਰਾਮ ਵੀ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਚੁਣੇ ਹੋਏ ਅਧਿਆਪਕ ਖੁਦ ਟ੍ਰੇਨਰ ਬਣ ਕੇ ਆਪਣੇ ਗਿਆਨ ਨੂੰ ਦੂਜੇ ਸਿੱਖਿਅਕਾਂ ਨਾਲ ਸਾਂਝਾ ਕਰਨਗੇ।
ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਨੇ ਸਿਖਲਾਈ ਪ੍ਰੋਗਰਾਮ ਨੂੰ ਸਫਲ ਬਣਾਉਣ ’ਚ ਨਿਰੰਤਰ ਸਹਿਯੋਗ ਲਈ ਫਿਨਲੈਂਡ ਦੇ ਮਾਹਿਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਸਬੰਧੀ ਇਸ ਸਹਿਯੋਗ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਐੱਸ. ਸੀ. ਈ. ਆਰ. ਟੀ., ਪੰਜਾਬ ਦੀ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਨੇ ਫਿਨਲੈਂਡ ਦੇ ਮਾਹਿਰਾਂ ਦਾ ਧੰਨਵਾਦ ਕੀਤਾ।
ਸਕੂਲ ਸਿੱਖਿਆ ਮੰਤਰੀ ਨੇ ਕਿਮੋ ਲਾਹਦੇਵਿਰਤਾ, ਫਿਨਲੈਂਡ ਦੂਤਾਵਾਸ ਵਿਖੇ ਵਿਗਿਆਨ ਅਤੇ ਉਚੇਰੀ ਸਿੱਖਿਆ ਦੇ ਕਾਊਂਸਲਰ ਲਿੱਸਾ ਟੋਇਵੋਨੇਨ, ਯੂਨੀਵਰਸਿਟੀ ਆਫ ਤੁਰਕੂ ਦੇ ਮੁੱਖ ਅਕਾਊਂਟ ਮੈਨੇਜਰ ਏਰੀ ਕੋਸਕੀ, ਫੈਕਲਟੀ ਆਫ਼ ਐਜੂਕੇਸ਼ਨ ਯੂਨੀਵਰਸਿਟੀ ਆਫ ਤੁਰਕੂ ਦੇ ਗਲੋਬਲ ਐਜੂਕੇਸ਼ਨਲ ਸਰਵਿਸਿਜ਼ ਦੇ ਚੇਅਰ ਕ੍ਰਿਸਟੀਨਾ ਹੇਕਿਲਾ, ਫਿਨਲੈਂਡ ਦੇ ਰਾਊਮਾ ਅਧਿਆਪਕ ਸਿਖਲਾਈ ਸਕੂਲ ਦੀ ਵਾਈਸ ਪ੍ਰਿੰਸੀਪਲ ਸੋਇਲੀ ਨੌਰਾ ਅਤੇ ਅਧਿਆਪਕ ਸਿੱਖਿਆ ਵਿਭਾਗ ਦੀ ਸੀਨੀਅਰ ਖੋਜਕਰਤਾ ਸੁਵੀ ਪੁਓਲੱਕਾ ਦਾ ਸਨਮਾਨ ਕੀਤਾ।
