ਕੌਂਸਲ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ
ਸੰਗਰੂਰ : 20ਵੀਂ ਸਦੀ ਦੀ ਮਹਾਨ ਸ਼ਖਸੀਅਤ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ 30, 31 ਜਨਵਰੀ ਅਤੇ 1 ਫਰਵਰੀ 2025 ਨੂੰ ਹੋਣ ਵਾਲੇ ਗੁਰਮਤਿ ਸਮਾਗਮਾਂ ਦੇ ਸਬੰਧ ’ਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਬਣਾਈ ਗਈ ਸੱਦਾ ਪੱਤਰ ਕਮੇਟੀ ਵੱਲੋਂ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ, ਸੀਨੀਅਰ ਕੌਂਸਲ ਮੈਂਬਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਵੱਲੋਂ ਮੈਨੇਜਰ ਜਸਵੀਰ ਸਿੰਘ ਅਤੇ ਸਤਨਾਮ ਸਿੰਘ ਦਮਦਮੀ ਸਮੇਤ ਹੋਰ ਮੈਂਬਰਾਂ ਨੇ ਸਾਲਾਨਾ ਜੋੜ ਮੇਲੇ ਨੂੰ ਸਫਲਤਾਪੂਰਵਕ ਮਨਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐੱਸ. ਐੱਸ. ਪੀ. ਸਰਤਾਜ ਸਿੰਘ ਚਹਿਲ ਨੂੰ ਸੰਗਰੂਰ ਦਫਤਰ ਵਿਖੇ ਮਿਲੇ ਅਤੇ ਸੱਦਾ ਪੱਤਰ ਵੀ ਦਿੱਤਾ ਗਿਆ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸੰਤ ਅਤਰ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮਾਂ ਸਬੰਧੀ ਦੇਸ਼-ਵਿਦੇਸ਼ ਅਤੇ ਇਲਾਕੇ ਦੀਆਂ ਸੰਗਤਾਂ ਦੀ ਸ਼ਰਧਾ ਭਾਵਨਾ ਅਤੇ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ 31 ਜਨਵਰੀ ਨੂੰ ਸਰਕਾਰੀ ਛੁੱਟੀ ਜ਼ਿਲਾ ਪੱਧਰ ’ਤੇ ਕਰਨ ਸਬੰਧੀ ਅਕਾਲ ਕਾਲਜ ਕੌਂਸਲ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ। ਜ਼ਿਲਾ ਪ੍ਰਸ਼ਾਸਨ ਵੱਲੋਂ ਸਾਲਾਨਾ ਜੋੜ ਮੇਲੇ ਸਬੰਧੀ ਹਰ ਤਰ੍ਹਾਂ ਦੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਜੋੜ ਮੇਲੇ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਥਾਵਾਂ ’ਤੇ ਪੁਲਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ।
–ਮਸਤੂਆਣਾ ਕੈਂਪਸ ਤੋਂ ਬਾਹਰ ਲਾਈਆਂ ਜਾਣਗੀਆਂ ਦੁਕਾਨਾਂ
ਇਸ ਸਬੰਧੀ ਸਕੱਤਰ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ, ਭੁਪਿੰਦਰ ਸਿੰਘ ਗਰੇਵਾਲ ਅਤੇ ਸਤਨਾਮ ਸਿੰਘ ਦਮਦਮੀ ਮਸਤੂਆਣਾ ਹੁਰਾਂ ਨੇ ਦੱਸਿਆ ਕਿ ਇਸ ਵਾਰ ਸਾਲਾਨਾ ਜੋੜ ਮੇਲੇ ਨੂੰ ਮਸਤੂਆਣਾ ਕੈਂਪਸ ਅੰਦਰ ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਦੁਕਾਨ ਅੰਦਰ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਹ ਦੁਕਾਨਾਂ ਕੈਂਪਸ ਤੋਂ ਬਾਹਰ ਹੀ ਲਾਈਆਂ ਜਾਣਗੀਆਂ ਤਾਂ ਜੋ ਸੰਗਤਾਂ ਨੂੰ ਆਉਣ-ਜਾਣ ’ਚ ਕੋਈ ਮੁਸ਼ਕਲ ਪੇਸ਼ ਨਾ ਆ ਸਕੇ।
–ਸੰਗਤਾਂ ਲਈ ਰਹਿਣ-ਸਹਿਣ ਦਾ ਵਿਸ਼ੇਸ਼ ਪ੍ਰਬੰਧ
ਇਸ ਤੋਂ ਇਲਾਵਾ ਕੌਂਸਲ ਮੈਂਬਰ ਬਲਦੇਵ ਸਿੰਘ ਭੰਮਾਵੱਦੀ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ ਖਹਿਰਾ, ਹਾਕਮ ਸਿੰਘ ਕਿਸ਼ਨਗੜੀਆ ਅਤੇ ਹੋਰ ਵੱਡੀ ਗਿਣਤੀ ’ਚ ਮੈਂਬਰਾਂ ਨੇ ਦੱਸਿਆ ਕਿ ਜੋੜ ਮੇਲੇ ਸਬੰਧੀ ਮੱਥਾ ਟੇਕਣ ਵਾਲੀਆਂ ਆ ਰਹੀਆਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਲਈ ਰਹਿਣ-ਸਹਿਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
–ਕਮੇਟੀਆਂ ਵੱਲੋਂ ਲੰਗਰ ਲਾਉਣ ਦੀਆਂ ਤਿਆਰੀਆਂ ਵੀ ਮੁਕੰਮਲ
ਇਸ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵਾਸਤੇ ਨੇੜਲੇ ਕਰੀਬ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੀਆਂ ਲੰਗਰ ਕਮੇਟੀਆਂ ਵੱਲੋਂ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਲੰਗਰ ਲਾਉਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ।
