- ਡੱਲੇਵਾਲ ਨੂੰ ਨਾ ਚੁਕਣ ਦੇਣ ਲਈ ਕਿਸਾਨਾਂ ਨੇ ਘੇਰਾਬੰਦੀ ਕੀਤੀ ਮਜ਼ਬੂਤ
- ਪੁਲਸ ਦੇ ਹਾਇਰ ਅਧਿਕਾਰੀਆਂ ਨੇ ਕਈ ਜ਼ਿਲਿਆਂ ਦੀ ਪੁਲਸ ਨੂੰ ਸਟੈਂਡਬਾਏ ਰਹਿਣ ਦੇ ਦਿੱਤੇ ਹੁਕਮ
- ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸੇ ਵੀ ਪਲ ਹੋ ਸਕਦਾ ਹੈ ਕੋਈ ਹਾਦਸਾ
ਖਨੌਰੀ : ਮਾਣਯੋਗ ਸੁਪਰੀਮ ਕੋਰਟ ਵੱਲੋਂ ਡਲੇਵਾਲ ਨੂੰ 31 ਦਸੰਬਰ ਤੱਕ ਹਸਪਤਾਲ ਦਾਖਲ ਕਰਵਾ ਕੇ ਮੈਡੀਕਲ ਸਹਾਇਤਾ ਦੇਣ ਦੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਕਿਸਾਨ ਅਤੇ ਪੁਲਸ ਪ੍ਰਸ਼ਾਸਨਿਕ ਅਧਿਕਾਰੀ ਆਹਮੋ ਸਾਹਮਣੇ ਹੋ ਗਏ ਹਨ, ਜਿਥੇ ਕਿਸਾਨ ਮਰਨ ਵਰਤ ’ਤੇ ਬੈਠੇ ਆਪਣੇ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਚੁਕਣ ਨਹੀਂ ਦੇਣਾ ਚਾਹੁੰਦੇ, ਉਥੇ ਦੂਸਰੇ ਪਾਸੇ ਕਈ ਜ਼ਿਲਿਆਂ ਦੀ ਪੁਲਸ ਨੂੰ ਸਟੈਂਡਬਾਏ ਅਤੇ ਅਲਰਟ ਰਹਿਣੇ ਦੇ ਆਦੇਸ਼ ਦਿੱਤੇ ਹਨ।
ਲਗਾਤਾਰ ਚਲ ਰਹੀ ਸੁਪਰੀਮ ਕੋਰਟ ਦੀ ਸੁਣਵਾਈ ਦੇ ਚਲਦੇ ਪਹਿਲਾਂ ਵੀ ਕਈ ਵਾਰ ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਏ. ਡੀ. ਜੀ. ਪੀ. ਇੰਟੈਲੀਜੈਂਸ ਜਸਕਰਨ ਸਿੰਘ, ਐੱਸ. ਐੱਸ. ਪੀ. ਡਾ. ਨਾਨਕ ਸਿੰਘ ਅਤੇ ਹੋਰ ਅਧਿਕਾਰੀ ਕਿਸਾਨ ਨੇਤਾ ਡੱਲੇਵਾਲ ਨੂੰ ਮਨਾਉਣ ਦਾ ਯਤਨ ਕਰ ਚੁੱਕੇ ਹਨ ਕਿ ਉਹ ਘਟੋ-ਘਟ ਮੈਡੀਕਲ ਸਹਾਇਤਾ ਜ਼ਰੂਰ ਲੈ ਲੈਣ। ਇਸਦੇ ਬਾਵਜੂਦ ਵੀ ਡੱਲੇਵਾਲ ਟਸ ਤੋਂ ਮਸ ਨਹੀ ਹੋ ਰਹੇ, ਜਿਸਦੇ ਚਲਦੇ ਸੁਪਰੀਮ ਕੋਰਟ ਦੇ ਸਖਤ ਆਦੇਸਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਚ ਘਬਰਾਹਟ ਪੈਦਾ ਕੀਤੀ ਹੋਈ ਹੈ।
ਅੱਜ ਪੰਜਾਬ ਪੁਲਸ ਡੀ. ਆਈ. ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੰਧੂ ਅਤੇ ਕਈ ਹੋਰ ਅਧਿਕਾਰੀਆਂ ਨੇ ਡੱਲੇਵਾਲ ਅਤੇ ਹੋਰ ਕਿਸਾਨ ਨੇਤਾਵਾਂ ਨੂੰ ਲੰਬਾ ਸਮਾਂ ਮੀਟਿੰਗਾਂ ਕਰ ਕੇ ਮਨਾਉਣ ਦੇ ਯਤਨ ਕੀਤੇ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ ਨੇਤਾ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਦੇਣ ਲਈ ਮਦਦ ਕਰਨ। ਕਈ ਘੰਟੇ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਵੀ ਕੋਈ ਵੀ ਸਾਰਥਕ ਹੱਲ ਨਾ ਨਿਕਲਿਆ।
ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ ਜਿਥੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬੰਨ੍ਹੇ ਹੋਏ ਹਨ, ਉਥੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਬੇੱਹਦ ਚਿੰਤਿਤ ਹਨ ਕਿ ਕੋਈ ਅਜਿਹਾ ਭਾਨਾ ਨਾ ਵਾਪਰ ਜਾਵੇ, ਜਿਸ ਨਾਲ ਸਮੁੱਚੇ ਪੰਜਾਬ ਨੂੰ ਸ਼ਰਮਸ਼ਾਰ ਹੋਣਾ ਪਵੇ। ਇਸ ਲਈ ਪੁਲਸ ਅਧਿਕਾਰੀ ਇਸ ਸਾਰੇ ਦਾ ਸੁਖਾਵਾ ਹੱਲ ਕੱਢਣਾ ਚਾਹੁੰਦੇ ਹਨ।
ਉਧਰੋ ਅੱਜ ਕਿਸਾਨਾਂ ਨੂੰ ਵੀ ਡੱਲੇਵਾਲ ਨੂੰ ਚੁੱਕਣ ਦੀ ਕਨਸੂਹਾ ਦੇ ਚਲਦੇ ਕਿਸਾਨਾਂ ਨੇ ਆਪਣਾ ਸੁਰੱਖਿਆ ਜਾਲ ਹੋਰ ਮਜ਼ਬੂਤ ਕਰ ਦਿੱਤਾ ਹੈ। ਜੇਕਰ ਪੁਲਸ ਦੇਰ ਰਾਤ ਪੂਰੀ ਫੋਰਸ ਲੈ ਕੇ ਚੜ੍ਹਾਈ ਕਰਦੀ ਹੈ ਤਾਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਚੁਕਨਾ ਇਨ੍ਹਾਂ ਅਸਾਨ ਨਹੀਂ ਹੋਵੇਗਾ।
ਪੰਜਾਬ ਪੁਲਸ ਦੇ ਅਧਿਕਾਰੀ ਸਾਰੀਆਂ ਯੋਜਨਾਵਾਂ ’ਤੇ ਕੰਮ ਕਰ ਰਹੇ ਹਨ। ਕੱਲ੍ਹ ਨੂੰ ਪੰਜਾਬ ਬੰਦ ਦਾ ਸੱਦਾ ਹੈ, ਜਿਸ ਕਾਰਨ ਕਿਸਾਨ ਪੰਜਾਬ ਬੰਦ ਦੇ ਸੱਦੇ ਵਿਚ ਵੀ ਵੱਖ-ਵੱਖ ਥਾਵਾਂ ’ਤੇ ਉਲਝੇ ਰਹਿਣਗੇ ਤੇ ਉਸ ਤੋਂ ਬਾਅਦ ਪੁਲਸ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਚੁਕ ਕੇ ਹਸਪਤਾਲ ਵਿਚ ਦਾਖਲ ਕਰਵਾ ਸਕਦੀ ਹੈ।
ਜੇਕਰ ਧੱਕੇਸ਼ਾਹੀ ਨਾਲ ਕਿਸਾਨ ਮੋਰਚੇ ’ਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਤਾਂ ਉਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ : ਕਿਸਾਨ ਨੇਤਾ
ਇਸ ਮੌਕੇ ਕਿਸਾਨ ਨੇਤਾਵਾਂ ਨੇ ਆਖਿਆ ਕਿ ਜੇਕਰ ਪੁਲਸ ਵੱਲੋਂ ਅਜਿਹੀ ਧੱਕੇ ਨਾਲ ਕਾਰਵਾਈ ਕੀਤੀ ਜਾਂਦੀ ਹੈ। ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਜਾਂ ਕਿਸਾਨ ਮੋਰਚੇ ਦੇ ਜਾਨ ਮਾਰੂ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਇਸ ਮੌਕੇ 34ਵੇਂ ਦਿਨ ਵਿਚ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮਾਣਯੋਗ ਸੁਪਰੀਮ ਕੋਰਟ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਉਹ ਇਨੇ ਪੱਤਰ ਲਿਖ ਚੁੱਕੇ ਹਨ। ਸੁਪਰੀਮ ਕੋਰਟ ਉਨ੍ਹਾਂ ਦੇ ਪੱਤਰਾਂ ਦੀ ਸੁਣਵਾਈ ਕਰਦੇ ਹੋਏ ਕਿਸਾਨਾ ਦੀਆਂ ਮੰਗਾਂ ਮਨਾਉਣ ਲਈ ਕੇਂਦਰ ਸਰਕਾਰ ਨੂੰ ਬਾਊਂਡ ਕਰੇ ਨਹੀਂ ਤਾਂ ਉਹ ਮਰਨ ਵਰਤ ਨਹੀਂ ਤੋੜਨਗੇ।
ਉਧਰੋ ਅੱਜ ਕਿਸਾਨਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ।