ਸੰਗਰੂਰ ਦੇ ਜੰਮਪਲ ਸ਼ੰਕਰ ਸ਼ਰਮਾ ਨੇ ਪੀ. ਸੀ. ਐੱਸ. ਚੁਣੇ ਜਾਣ ਉਪਰੰਤ ਅੱਜ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾਂ ਕੀਤਾ ਅਤੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨਾਲ ਕਾਂਤਦੇਵ ਸ਼ਰਮਾ ਅਤੇ ਸਾਬਕਾ ਪ੍ਰਿੰਸੀਪਲ ਯਾਦਵਿੰਦਰ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਅਤੇ ਭਾਈ ਸਤਨਾਮ ਸਿੰਘ ਦਮਦਮੀ ਹੁਰਾਂ ਨੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਸ਼ੰਕਰ ਸ਼ਰਮਾ ਪੀ. ਸੀ. ਐੱਸ. ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਬਤੌਰ ਸੀਨੀਅਰ ਸਹਾਇਕ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਡਿਊਟੀ ਹਮੇਸ਼ਾ ਬੜੀ ਮਿਹਨਤ ਅਤੇ ਲਗਨ ਨਾਲ ਨਿਭਾਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸ਼ੰਕਰ ਸ਼ਰਮਾ ਪਹਿਲਾਂ ਤੋਂ ਹੀ ਬਹੁਤ ਮਿਹਨਤੀ ਸਨ, ਜਿਸ ਦੇ ਸਬੂਤ ਵਜੋਂ ਉਨ੍ਹਾਂ ਦੀ ਮਿਹਨਤ ਅੱਜ ਰੰਗ ਲਿਆਈ ਹੈ। ਉਹ ਪੀ. ਸੀ. ਐੱਸ. ਅਫ਼ਸਰ ਬਣੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ੰਕਰ ਸ਼ਰਮਾ ਆਪਣੀ ਕਾਬਲੀਅਤ ਨਾਲ ਹੋਰ ਵੀ ਬੁਲੰਦੀਆਂ ਛੂਹਣਗੇ।
ਇਸ ਮੌਕੇ ਸ਼ੰਕਰ ਸ਼ਰਮਾ ਨੇ ਵੀ ਦੱਸਿਆ ਕਿ ਹਰ ਇਨਸਾਨ ਜ਼ਿੰਦਗੀ ’ਚ ਨਿਸ਼ਾਨਾ ਮਿੱਥਕੇ ਅਗਰ ਮਿਹਨਤ ਕਰੇ ਤਾਂ ਆਪਣਾ ਨਿਸ਼ਾਨਾ ਹਾਸਲ ਕਰ ਸਕਦਾ ਹੈ ਅਤੇ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਕੀਤਾ ਨਾ ਸਕਦਾ ਹੋਵੇ।
ਉਨ੍ਹਾਂ ਨੌਜਵਾਨਾਂ ਨੂੰ ਵੀ ਨਿਸ਼ਾਨਾ ਮਿਥਕੇ ਮਿਹਨਤ ਕਰਨ ਲਈ ਕਿਹਾ ਤਾਂ ਜੋ ਉਹ ਵੀ ਸਫ਼ਲਤਾ ਹਾਸਲ ਕਰ ਕੇ ਆਪਣੇ ਮਾਂ ਪਿਓ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕਰ ਸਕਣ।
