ਅਹਿਮਦਾਬਾਦ – ਸ਼ੁਭਮਨ ਗਿੱਲ ਨੇ ਇੰਗਲੈਂਡ ਖਿਲਾਫ ਤੀਜੇ ਵਨਡੇ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾਇਆ। ਪਹਿਲੇ ਵਨਡੇ ਵਿਚ ਸੈਂਕੜਾ ਬਣਾਉਣ ਤੋਂ ਖੁੰਝਣ ਤੋਂ ਬਾਅਦ ਉਨ੍ਹਾਂ ਨੇ ਹੁਣ ਤੀਜੇ ਵਨਡੇ ਵਿਚ ਇਹ ਉਪਲਬਧੀ ਹਾਸਲ ਕੀਤੀ ਹੈ। ਗਿੱਲ ਨੇ ਅਹਿਮਦਾਬਾਦ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 95 ਗੇਂਦਾਂ ਵਿੱਚ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ 7ਵਾਂ ਸੈਂਕੜਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸੈਂਕੜਾ ਇਸ ਫਾਰਮੈਟ ਵਿੱਚ 507 ਦਿਨਾਂ ਬਾਅਦ ਉਨ੍ਹਾਂ ਦੇ ਬੱਲੇ ਤੋਂ ਆਇਆ ਹੈ। ਆਖਰੀ ਵਾਰ ਉਨ੍ਹਾਂ ਨੇ 24 ਸਤੰਬਰ 2023 ਨੂੰ ਇੰਦੌਰ ਵਿੱਚ ਆਸਟ੍ਰੇਲੀਆ ਵਿਰੁੱਧ ਸੈਂਕੜਾ ਲਗਾਇਆ ਸੀ।
ਕਈ ਰਿਕਾਰਡ ਆਪਣੇ ਨਾਮ ਕੀਤੇ
ਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਿਚ ਸੈਂਕੜਾ ਲਗਾਉਣ ਤੋਂ ਬਾਅਦ ਕਈ ਰਿਕਾਰਡ ਆਪਣੇ ਨਾਮ ਕੀਤੇ। ਸ਼ੁਭਮਨ ਗਿੱਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਤਿੰਨੋਂ ਫਾਰਮੈਟਾਂ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਹਨ। ਇਸ ਤੋਂ ਇਲਾਵਾ ਉਹ ਵਨਡੇ ਕ੍ਰਿਕਟ ਵਿਚ 7 ਸੈਂਕੜੇ ਬਣਾਉਣ ਵਾਲੇ ਸਭ ਤੋਂ ਤੇਜ਼ ਭਾਰਤੀ ਵੀ ਬਣ ਗਏ ਹਨ। ਸ਼ੁਭਮਨ ਨੇ ਸਿਰਫ਼ 50 ਇਕ ਰੋਜ਼ਾ ਪਾਰੀਆਂ ਵਿਚ 7 ਸੈਂਕੜੇ ਲਗਾਏ ਹਨ। ਇੰਨਾ ਹੀ ਨਹੀਂ, ਉਹ ਆਪਣੀ 50ਵੀਂ ਵਨਡੇ ਪਾਰੀ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ।
ਸਭ ਤੋਂ ਤੇਜ਼ 2500 ਦੌੜਾਂ ਦਾ ਵਿਸ਼ਵ ਰਿਕਾਰਡ
ਸ਼ੁਭਮਨ ਗਿੱਲ ਨੇ ਆਪਣੀ ਸੈਂਕੜਾ ਪਾਰੀ ਦੌਰਾਨ ਸਭ ਤੋਂ ਤੇਜ਼ ਰਫ਼ਤਾਰ ਨਾਲ 2500 ਵਨਡੇ ਦੌੜਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਵੀ ਬਣਾਇਆ। ਗਿੱਲ ਨੇ ਇਹ ਉਪਲਬਧੀ ਸਿਰਫ਼ 50 ਪਾਰੀਆਂ ਵਿਚ ਹਾਸਲ ਕੀਤੀ ਹੈ। ਹਾਸ਼ਿਮ ਅਮਲਾ ਨੇ 2500 ਦੌੜਾਂ ਬਣਾਉਣ ਲਈ 51 ਪਾਰੀਆਂ ਖੇਡੀਆਂ ਸਨ। ਗਿੱਲ 50 ਇਕ ਰੋਜ਼ਾ ਪਾਰੀਆਂ ਤੋਂ ਬਾਅਦ ਸਭ ਤੋਂ ਵੱਧ ਦੌੜਾਂ (2587) ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।
ਗਿੱਲ ਨੇ ਇੰਝ ਪੂਰਾ ਕੀਤਾ ਸੈਂਕੜਾ
ਜਦੋਂ ਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਿੱਚ ਮੈਦਾਨ ‘ਤੇ ਕਦਮ ਰੱਖਿਆ ਤਾਂ ਉਹ ਆਤਮਵਿਸ਼ਵਾਸ ਨਾਲ ਭਰੇ ਦਿਖਾਈ ਦਿੱਤੇ। ਇਸਦਾ ਅਸਲ ਕਾਰਨ ਪਿਛਲੇ ਦੋ ਵਨਡੇ ਮੈਚਾਂ ਵਿਚ ਉਨ੍ਹਾਂ ਦੀ ਸ਼ਾਨਦਾਰ ਪਾਰੀ ਸੀ। ਉਨ੍ਹਾਂ ਦੇ ਬੱਲੇ ਨੇ ਨਾਗਪੁਰ ਅਤੇ ਕਟਕ ਵਿਚ ਪਹਿਲਾਂ ਹੀ ਪੰਜਾਹ ਤੋਂ ਵੱਧ ਸਕੋਰ ਉਗਲੇ ਸਨ ਅਤੇ ਹੁਣ ਅਹਿਮਦਾਬਾਦ ਦੀ ਵਾਰੀ ਸੀ। ਟੀਮ ਇੰਡੀਆ ਦੀ ਸ਼ੁਰੂਆਤ ਮਾੜੀ ਰਹੀ, ਕਪਤਾਨ ਰੋਹਿਤ ਸਿਰਫ਼ ਦੋ ਗੇਂਦਾਂ ਖੇਡਣ ਤੋਂ ਬਾਅਦ ਪੈਵੇਲੀਅਨ ਪਰਤ ਗਏ ਪਰ ਇਸ ਤੋਂ ਬਾਅਦ ਗਿੱਲ ਨੇ ਵਿਰਾਟ ਨਾਲ ਮਿਲ ਕੇ ਤੇਜ਼ ਬੱਲੇਬਾਜ਼ੀ ਕੀਤੀ। ਵਿਰਾਟ ਨੇ ਸ਼ੁਰੂਆਤ ਕਰਨ ਲਈ ਸਮਾਂ ਲਿਆ ਪਰ ਗਿੱਲ ਨੇ ਤੇਜ਼ ਬੱਲੇਬਾਜ਼ੀ ਕੀਤੀ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ।
ਇਸ ਖਿਡਾਰੀ ਨੇ 51 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਵਿਰਾਟ ਨਾਲ ਇਕ ਸੈਂਕੜਾ ਸਾਂਝੇਦਾਰੀ ਵੀ ਪੂਰੀ ਕੀਤੀ ਪਰ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਗਿੱਲ ਨੇ ਇਕ ਵਾਰ ਫਿਰ ਟੀਮ ਇੰਡੀਆ ਦੀ ਕਮਾਨ ਸੰਭਾਲੀ। ਗਿੱਲ ਨੇ ਅਗਲੇ ਪੰਜਾਹ ਦੌੜਾਂ 44 ਗੇਂਦਾਂ ਵਿਚ ਪੂਰੀਆਂ ਕੀਤੀਆਂ ਅਤੇ ਆਪਣਾ 7ਵਾਂ ਇਕ ਰੋਜ਼ਾ ਸੈਂਕੜਾ ਪੂਰਾ ਕੀਤਾ। ਸ਼ੁਭਮਨ ਗਿੱਲ ਨੇ ਅਹਿਮਦਾਬਾਦ ਵਿਚ 102 ਗੇਂਦਾਂ ਵਿਚ 112 ਦੌੜਾਂ ਦੀ ਪਾਰੀ ਖੇਡੀ। ਗਿੱਲ ਨੇ ਇਕ ਵਾਰ ਫਿਰ ਵਨਡੇ ਕ੍ਰਿਕਟ ਵਿਚ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਫਾਰਮੈਟ ਦੇ ਪ੍ਰਿੰਸ ਹਨ। ਟੀਮ ਇੰਡੀਆ ਨੂੰ ਚੈਂਪੀਅਨਜ਼ ਟਰਾਫੀ ਵਿਚ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।