ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਈ. ਡੀ. ਦਾ ਛਾਪਾ

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੂਪੇਸ਼ ਬਘੇਲ ਦੇ ਘਰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਸਵੇਰੇ-ਸਵੇਰੇ ਛਾਪਾ ਮਾਰਿਆ ਹੈ। ਇਹ ਛਾਪਾ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਕਥਿਤ ਸ਼ਰਾਬ ਘੁਟਾਲੇ ਦੇ ਸਬੰਧ ਵਿਚ ਮਾਰਿਆ ਗਿਆ ਸੀ।

ਸੋਮਵਾਰ ਨੂੰ ਈ. ਡੀ. ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਉਨ੍ਹਾਂ ਦੇ ਪੁੱਤਰ ਚੈਤਨਿਆ ਬਘੇਲ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਭਿਲਾਈ ਵਿਚ ਚੈਤਨਿਆ ਬਘੇਲ ਦੇ ਅਹਾਤੇ ਦੇ ਨਾਲ-ਨਾਲ ਰਾਜ ਦੇ ਕਈ ਹੋਰ ਵਿਅਕਤੀਆਂ ਨਾਲ ਜੁੜੇ ਅਹਾਤਿਆਂ ‘ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਛਾਪੇਮਾਰੀ ਕੀਤੀ ਗਈ।

ਈ. ਡੀ. ਨੇ ਦਾਅਵਾ ਕੀਤਾ ਹੈ ਕਿ ਛੱਤੀਸਗੜ੍ਹ ਸ਼ਰਾਬ ਘੁਟਾਲੇ ਨੇ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ ਜਦਕਿ ਸ਼ਰਾਬ ਸਿੰਡੀਕੇਟ ਨੇ ਕਥਿਤ ਤੌਰ ‘ਤੇ ਅਪਰਾਧ ਦੀ ਕਮਾਈ ਵਜੋਂ 2100 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਈ. ਡੀ. ਨੇ ਜਾਂਚ ਵਿਚ ਪਾਇਆ ਕਿ ਇਹ ਘੁਟਾਲਾ ਉਸ ਸਮੇਂ ਦੀ ਭੂਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ ਆਈ. ਏ. ਐੱਸ. ਅਧਿਕਾਰੀ ਅਨਿਲ ਟੁਟੇਜਾ, ਆਬਕਾਰੀ ਵਿਭਾਗ ਦੇ ਐੱਮ. ਡੀ. ਏ. ਪੀ. ਤ੍ਰਿਪਾਠੀ ਅਤੇ ਕਾਰੋਬਾਰੀ ਅਨਵਰ ਢੇਬਰ ਦੇ ਇਕ ਸਿੰਡੀਕੇਟ ਰਾਹੀਂ ਕੀਤਾ ਗਿਆ ਸੀ।

ਕੋਈ ਸਾਜ਼ਿਸ਼ ਤਹਿਤ ਪੰਜਾਬ ਵਿਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹੈ – ਭੂਪੇਸ਼ ਬਘੇਲ

ਇਸ ਸਬੰਧੀ ਭੂਪੇਸ਼ ਬਘੇਲ ਦੇ ਦਫ਼ਤਰ ਨੇ ਟਵੀਟ ਕੀਤਾ, ‘ਸੱਤ ਸਾਲਾਂ ਤੋਂ ਚੱਲ ਰਿਹਾ ਝੂਠਾ ਮਾਮਲਾ ਅਦਾਲਤ ਵਿਚ ਖ਼ਾਰਜ ਹੋ ਗਿਆ ਪਰ ਅੱਜ ਈਡੀ ਦੇ ਮਹਿਮਾਨ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਭਿਲਾਈ ਨਿਵਾਸ ਵਿਚ ਦਾਖ਼ਲ ਹੋ ਗਏ ਹਨ। ਕੋਈ ਇਸ ਸਾਜ਼ਿਸ਼ ਰਾਹੀਂ ਪੰਜਾਬ ਵਿਚ ਕਾਂਗਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਇਕ ਗ਼ਲਤਫ਼ਹਿਮੀ ਹੈ।

ਨਾ ਕਾਂਗਰਸ ਦੇ ਲੀਡਰ ਝੁਕਣਗੇ, ਨਾ ਹੀ ਭਾਜਪਾ ਪੰਜਾਬ ਵਿਚ ਕਾਂਗਰਸ ਨੂੰ ਰੋਕ ਸਕੇਗੀ ਪ੍ਰਗਟ ਸਿੰਘ

ਭੂਪੇਸ਼ ਬਘੇਲ ਦੇ ਘਰ ED ਦੀ ਛਾਪੇਮਾਰੀ ਦੇ ਵਿਰੋਧ ਵਿਚ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਉਹ ਕਾਂਗਰਸ ਨੂੰ ਡਰਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਾ ਕਾਂਗਰਸ ਦੇ ਲੀਡਰ ਝੁਕਣਗੇ, ਨਾ ਹੀ ਭਾਜਪਾ ਪੰਜਾਬ ਵਿਚ ਕਾਂਗਰਸ ਨੂੰ ਰੋਕ ਸਕੇਗੀ।

Leave a Reply

Your email address will not be published. Required fields are marked *