
ਗੁਰਦਾਸਪੁਰ :-ਜ਼ਿਲਾ ਗੁਰਦਾਸਪੁਰ ’ਚੋਂ ਗੁਜਰਨ ਵਾਲੇ ਜੰਮੂ ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਮਸਲਾ ਸੁਲਝਣ ਦੀ ਬਜਾਏ ਉਲਝਦਾ ਨਜ਼ਰ ਆ ਰਿਹਾ ਹੈ। ਇਸ ਤਹਿਤ ਬੀਤੇ ਦਿਨ ਸ੍ਰੀ ਹਰਗੋਬਿੰਦਪੁਰ ਨੇੜਲੇ ਇਲਾਕੇ ਵਿਚ ਜ਼ਮੀਨ ਅੈਕਵਾਇਰ ਕਰਨ ਦੀ ਕਾਰਵਾਈ ਦੌਰਾਨ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਦਰਮਿਆਨ ਹੋਈ ਬਹਿਸਬਾਜ਼ੀ ਅਤੇ ਤਕਰਾਰ ਤੋਂ ਬਾਅਦ ਅੱਜ ਪਿੰਡ ਸਲਾਹਪੁਰ ਪਹੁੰਚੀ ਪ੍ਰਸ਼ਾਸਨ ਦੀ ਟੀਮ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ ਹੈ।
ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਬਲਾਕ ਕਾਹਨੰੂਵਾਨ ਦੇ ਪਿੰਡ ਸਲਾਹਪੁਰ ਵਿਚ ਐੱਸ. ਡੀ. ਐੱਮ. ਗੁਰਦਾਸਪੁਰ ਜਸਪਿੰਦਰ ਸਿੰਘ ਆਈ. ਏ. ਐੱਸ. ਅਤੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਸਮੇਤ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਅਤੇ ਸਬੰਧਤ ਪਟਵਾਰੀ ਕਾਨੂੰਗੋ ਦੀ ਇਕ ਟੀਮ ਪਹੁੰਚੀ ਸੀ। ਇਸ ਸਬੰਧ ’ਚ ਜਦੋਂ ਕਿਸਾਨ ਆਗੂਆਂ ਨੂੰ ਪਤਾ ਲੱਗਾ ਕਿ ਨੈਸ਼ਨਲ ਹਾਈਵੇ ਦੇ ਅਧਿਕਾਰੀ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ ਸਲਾਹਪੁਰ ’ਚ ਪਹੁੰਚੇ ਹਨ ਅਤੇ ਉਨ੍ਹਾਂ ਵੱਲੋਂ ਜ਼ਮੀਨ ਐਕਵਾਇਰ ਕਰਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਮਸਾਣੀਆਂ ਅਤੇ ਹੋਰ ਆਗੂ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਿ ਜਿੰਨੀ ਦੇਰ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਤੇ ਨਿਯਮਾਂ ਅਨੁਸਾਰ ਬਣਨ ਦੇ ਮੁਆਵਜ਼ੇ ਨਹੀਂ ਮਿਲ ਜਾਂਦੇ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਸਾਰੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ, ਉਨੀ ਦੇਰ ਉਹ ਕਿਤੇ ਵੀ ਜ਼ਮੀਨ ਅੈਕਵਾਇਰ ਨਹੀਂ ਹੋਣ ਦੇਣਗੇ।
ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਅੱਜ ਇੱਥੇ ਉਹ ਕੋਈ ਵੀ ਜ਼ਮੀਨ ਐਕਵਾਇਰ ਕਰਨ ਨਹੀਂ ਆਏ, ਉਨ੍ਹਾਂ ਵੱਲੋਂ ਸਿਰਫ ਪਿੰਡ ਸਲਾਹਪੁਰ ਦੇ ਇਕ ਕਿਸਾਨ ਵੱਲੋਂ ਕੋਰਟ ਵਿਚ ਲਗਾਏ ਗਏ ਕੇਸ ਦੀ ਸੈਟਲਮੈਂਟ ਹੋਣ ਤੋਂ ਬਾਅਦ ਜਦੋਂ ਇਹ ਕੇਸ ਵਾਪਸ ਹੋਇਆ ਹੈ ਤਾਂ ਉਸ ਕਿਸਾਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦਰਮਿਆਨ ਗੱਲ ਕਰਵਾਉਣ ਲਈ ਆਏ ਹਨ ਤਾਂ ਜੋ ਕਿਸਾਨ ਨੂੰ ਉਸ ਦੇ ਬਣਨ ਦੇ ਪੈਸੇ ਸਮੇਂ ਸਿਰ ਮਿਲ ਸਕਣ। ਜਿਹੀ ਸਥਿਤੀ ’ਚ ਦੋਵਾਂ ਧਿਰਾਂ ਦਰਮਿਆਨ ਕਾਫੀ ਬਹਿਸ ਹੁੰਦੀ ਰਹੀ, ਜਿਸ ਤੋਂ ਬਾਅਦ ਅਧਿਕਾਰੀ ਉਥੋਂ ਚਲੇ ਗਏ।
ਇਸ ਉਪਰੰਤ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰ ਉਹ ਕਿਸੇ ਵੀ ਕੀਮਤ ’ਤੇ ਜ਼ਮੀਨ ਅੈਕਵਾਇਰ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਜੇ ਬੀਤੇ ਦਿਨ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੌਰਾਨ, ਜੋ ਕਿਸਾਨ ਜ਼ਖਮੀ ਹੋਏ ਸਨ, ਉਹ ਅਜੇ ਤੱਕ ਹਸਪਤਾਲਾਂ ਵਿਚ ਹੀ ਦਾਖਲ ਹਨ ਪਰ ਅੱਜ ਮੁੜ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ।
