ਵਿਦਿਆਰਥੀਆਂ ਦੇ ਕਵਿਤਾ ਅਤੇ ਗੀਤ ਗਾਇਨ ਮੁਕਾਬਲੇ ਕਰਵਾਏ
ਸੰਗਰੂਰ :- ਸਰਕਾਰੀ ਹਾਈ ਸਕੂਲ ਉਗਰਾਹਾਂ ਦੀ ਮੁੱਖ ਅਧਿਆਪਕਾ ਸੁਖਬੀਰ ਕੌਰ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸਿੱਖਿਆ ਸ਼ਾਸਤਰੀ ਡਾ. ਇਕਬਾਲ ਸਿੰਘ ਸਕਰੌਦੀ ਨੇ ਸ਼ਿਰਕਤ ਕੀਤੀ।
ਪੰਜਾਬੀ ਭਾਸ਼ਾ ਬਾਰੇ ਬੋਲਦਿਆਂ ਉਨ੍ਹਾਂ ਨੇ ਡਾ. ਲਖਵਿੰਦਰ ਸਿੰਘ ਜੌਹਲ ਦੀ ਲਿਖੀ ਕਵਿਤਾ ‘ਦੋ ਹਰਫ਼ਾਂ ਤੋਂ ਰੋਟੀ ਬਣਦੀ, ਦੋ ਹਰਫ਼ਾਂ ਤੋਂ ਭਾਸ਼ਾ। ਦੋਵੇਂ ਖੋਹੀਆਂ ਜਾਣ ਜਦੋਂ ਵੀ, ਹੁੰਦੀ ਘੋਰ ਨਿਰਾਸ਼ਾ, ਮਰਦੀ ਆਸ਼ਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਇਕ ਅਮੀਰ ਭਾਸ਼ਾ ਹੈ, ਜਿਸ ਨੂੰ ਸੂਫ਼ੀ ਸੰਤਾਂ, ਪੀਰਾਂ, ਫ਼ਕੀਰਾਂ, ਸਿੱਖ ਗੁਰੂ ਸਾਹਿਬਾਨਾਂ ਦੁਆਰਾ ਰਚੀ ਬਾਣੀ ਸਦਕਾ ਵਧਣ, ਫੁੱਲਣ, ਮੌਲਣ, ਵਿਗਸਣ ਦਾ ਮਾਣ ਹਾਸਲ ਹੈ। ਪੰਜਾਬੀ ਭਾਸ਼ਾ ਨੂੰ ਸੂਰਬੀਰ ਯੋਧੇ, ਆਸ਼ਿਕ, ਭਗਤ ਅਤੇ ਹੋਰ ਪੰਜਾਬੀ ਦੇ ਪਿਆਰੇ ਹਮੇਸ਼ਾ ਬੁਲੰਦ ਰੱਖਣਗੇ।
ਉਨ੍ਹਾਂ ਨੇ ਆਪਣੇ ਜੀਵਨ ’ਚੋਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਰਚਨਾ ‘ਮੇਰਾ ਦਾਗ਼ਿਸਤਾਨ’ ਦਾ ਹਵਾਲਾ ਦੇ ਕੇ ਕਿਹਾ ਕਿ ਸਮਾਂ ਸਭ ਤੋਂ ਵੱਧ ਕੀਮਤੀ ਹੈ। ਕੁਦਰਤ ਨੇ ਹਰੇਕ ਇਨਸਾਨ ਨੂੰ ਦਿਨ ਅਤੇ ਰਾਤ ਵਿਚ 24 ਘੰਟਿਆਂ ਦਾ ਸਮਾਂ ਦਿੱਤਾ ਹੈ, ਜਿਹੜੇ ਵਿਦਿਆਰਥੀ ਇਨ੍ਹਾਂ 24 ਘੰਟਿਆਂ ਦੀ ਸੁਚੱਜੀ ਵਿਉਂਤਬੰਦੀ ਕਰ ਕੇ ਦ੍ਰਿੜ੍ਹਤਾ ਨਾਲ ਪੜ੍ਹਾਈ ਕਰਦੇ ਹਨ, ਉਹ ਜੀਵਨ ਵਿਚ ਵੱਡੀਆਂ ਮੱਲਾਂ ਮਾਰਦੇ ਹਨ।
ਇਸ ਮੌਕੇ ਵਿਦਿਆਰਥੀਆਂ ਦਾ ਮਾਤ ਭਾਸ਼ਾ ਨਾਲ ਸਬੰਧਤ ਕਵਿਤਾ ਅਤੇ ਗੀਤ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਕਿਰਨਜੋਤ ਕੌਰ, ਜਮਾਤ ਨੌਵੀਂ ਨੇ ਪਹਿਲਾ ਸਥਾਨ, ਸੁਮਨ ਕੌਰ ਤੇ ਹੁਸਨ ਕੌਰ ਜਮਾਤ ਨੌਵੀਂ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ, ਦਿਲਪ੍ਰੀਤ ਕੌਰ, ਜਮਾਤ ਸੱਤਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਾ. ਇਕਬਾਲ ਸਿੰਘ ਸਕਰੌਦੀ ਅਤੇ ਸੁਖਬੀਰ ਕੌਰ ਵੱਲੋਂ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਮਨਦੀਪ ਕੌਰ ਪੰਜਾਬੀ ਮਿਸਟ੍ਰੈੱਸ, ਰੀਤੂ ਰਾਣੀ ਹਿੰਦੀ ਮਿਸਟ੍ਰੈੱਸ ਨੇ ਪੰਜਾਬੀ ਬੋਲੀ ਨਾਲ ਸਬੰਧਤ ਭਾਵਪੂਰਤ ਕਵਿਤਾਵਾਂ ਸੁਣਾਈਆਂ।
ਇਸ ਸਮੇਂ ਮਾਸਟਰ ਬੂਟਾ ਸਿੰਘ, ਮਾਸਟਰ ਵਿਨੋਦ ਕੁਮਾਰ, ਰਤਿੰਦਰ ਕੌਰ, ਲਵਨੀਸ਼ ਰਾਏ, ਮਨਪ੍ਰੀਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ। ਮਾਸਟਰ ਪ੍ਰਗਟ ਸਿੰਘ ਸਤੌਜ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
